ਮਕਾਊ, ਭਾਰਤੀ ਗੌਲਫਰ ਗਗਨਜੀਤ ਭੁੱਲਰ ਨੇ ਅੱਜ ਇਥੇ ਮਕਾਊ ਓਪਨ ਵਿੱਚ ਤਿੰਨ ਸ਼ਾਟ ਦੀ ਜਿੱਤ ਦਰਜ ਕਰਦਿਆਂ ਅੱਠਵਾਂ ਏਸ਼ਿਆਈ ਟੂਰ ਆਪਣੇ ਨਾਂ ਕਰ ਲਿਆ। ਉਂਜ ਭੁੱਲਰ ਦਾ ਇਹ ਦੂਜਾ ਮਕਾਊ ਓਪਨ ਖ਼ਿਤਾਬ ਹੈ। ਇਸ ਤੋਂ ਪਹਿਲਾਂ ਭੁੱਲਰ ਨੇ 2012 ਵਿੱਚ ਇਥੇ ਖ਼ਿਤਾਬੀ ਜਿੱਤ ਦਰਜ ਕੀਤੀ ਸੀ।
ਭਾਰਤੀ ਗੋਲਫ਼ਰ ਭੁੱਲਰ (64, 65, 74, 68) ਨੂੰ ਪੰਜ ਲੱਖ ਡਾਲਰ ਇਨਾਮੀ ਰਾਸ਼ੀ ਵਾਲੇ ਇਸ ਮੁਕਾਬਲੇ ਦੇ ਆਖਰੀ ਦਿਨ ਰੋਕਣਾ ਮੁਸ਼ਕਲ ਸੀ। ਉਸ ਨੇ ਆਖਰੀ ਦਿਨ ਤਿੰਨ ਅੰਡਰ 68 ਦਾ ਕਾਰਡ ਖੇਡਿਆ ਜਿਸ ਨਾਲ ਉਸ ਦਾ ਕੁੱਲ ਸਕੋਰ 13 ਅੰਡਰ 271 ਦਾ ਰਿਹਾ। ਭੁੱਲਰ ਨੇ ਬੀਤੀ ਰਾਤ ਇਕ ਸ਼ਾਟ ਦੀ ਲੀਡ ਲੈ ਲਈ ਸੀ, ਪਰ ਅੱਜ ਉਸ ਨੇ ਸ਼ਾਨਦਾਰ ਕਾਰਡ ਖੇਡਦਿਆਂ ਖ਼ਿਤਾਬੀ ਜਿੱਤ ਦਰਜ ਕੀਤੀ। ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ 29 ਸਾਲ ਭੁੱਲਰ ਨੇ ਇਸ ਜਿੱਤ ਨਾਲ ਅਰਜੁਨ ਅਟਵਾਲ ਤੇ ਜਿਓਤੀ ਰੰਧਾਵਾ ਦੇ ਰਿਕਾਰਡ ਦੀ ਬਰਾਬਰੀ ਕੀਤੀ ਜਿਨ੍ਹਾਂ ਏਸ਼ੀਆ ਟੂਰ ’ਚ ਅੱਠ ਜਿੱਤਾਂ ਦਰਜ ਕੀਤੀਆਂ ਹਨ।
ਭੁੱਲਰ ਨੇ ਏਸ਼ਿਆਈ ਟੂਰ ’ਤੇ ਸਾਲ ਪਹਿਲਾਂ ਏਸ਼ੀਆ ਟੂਰ ਬੈਂਕ ਬੀਆਰਆਈ-ਜੇਸੀਬੀ ਇੰਡੋਨੇਸ਼ੀਆ ਓਪਨ 2016 ਵਿੱਚ ਜਿੱਤਿਆ ਸੀ। ਉਸ ਦੇ ਨਾਂ ਹੁਣ ਨੌਂ ਕੌਮਾਂਤਰੀ ਜਿੱਤਾਂ ਦਰਜ ਹੋ ਗਈਆਂ ਹਨ, ਜਿਸ ਵਿੱਚ ਇਕ ਯੂਰੋਪੀ ਚੈਲੰਜਰ ਟੂਰ ਖ਼ਿਤਾਬ ਵੀ ਸ਼ਾਮਲ ਹੈ।
ਉਂਜ ਦਿਲਚਸਪ ਗੱਲ ਇਹ ਹੈ ਕਿ ਤੀਜੀ ਵਾਰ ਹੈ ਜਦੋਂ ਕਿਸੇ ਭਾਰਤੀ ਨੇ ਮਕਾਊ ਓਪਨ ਖ਼ਿਤਾਬ ਜਿੱਤਿਆ ਹੈ। ਭੁੱਲਰ ਨੇ 2012 ਅਤੇ ਅਨਿਰਬਾਨ ਲਹਿਰੀ ਨੇ 2014 ਵਿੱਚ ਖ਼ਿਤਾਬੀ ਜਿੱਤ ਦਰਜ ਕੀਤੀ ਸੀ।