ਲੁਧਿਆਣਾ, ਇੱਥੋਂ ਦੀ ਬਸਤੀ ਜੋਧੇਵਾਲ ਦੀ ਗਗਨਦੀਪ ਕਲੋਨੀ ਵਿੱਚ ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦਾ ਕਤਲ ਕਰਨ ਲਈ ਵਰਤਿਆ ਮੋਟਰਸਾਈਕਲ ਕਥਿਤ ਤੌਰ ’ਤੇ ਪਿੰਡ ਚੂਹੜਵਾਲ ਦੇ ਰਮਨਦੀਪ ਕੈਨੇਡੀਅਨ ਨੇ ਵਾਰਦਾਤ ਤੋਂ ਕਰੀਬ ਇੱਕ ਹਫ਼ਤਾ ਪਹਿਲਾਂ ਢੋਲੇਵਾਲ ਪੁੱਲ ਨੇੜਿਓਂ ‘ਚੋਰੀ’ ਕੀਤਾ ਸੀ। ਇਹ ਖੁਲਾਸਾ ਮੋਗਾ ਪੁਲੀਸ ਵੱਲੋਂ ਕੀਤੀ ਗਈ ਪੁੱਛ-ਪੜਤਾਲ ਦੌਰਾਨ ਹੋਇਆ ਹੈ। ਰਮਨਦੀਪ ਮੋਗਾ ਪੁਲੀਸ ਰਿਮਾਂਡ ’ਤੇ ਹੈ। ਸੂਤਰਾਂ ਮੁਤਾਬਕ ਛੇਤੀ ਹੀ ਲੁਧਿਆਣਾ ਪੁਲੀਸ, ਮੋਗਾ ਜਾ ਕੇ ਰਮਨਦੀਪ ਤੇ ਹਰਦੀਪ ਤੋਂ ਪੁੱਛ-ਪੜਤਾਲ ਕਰੇਗੀ।
ਦਰਅਸਲ, ਆਰ.ਐਸ.ਐਸ. ਆਗੂ ਰਵਿੰਦਰ ਗੋਸਾਈਂ ਦਾ ਕਤਲ ਕਰਨ ਆਏ ਨੌਜਵਾਨ ਇੱਕ ਕਾਲੇ-ਪੀਲੇ ਰੰਗ ਦੇ ਹੌਂਡਾ ਸਟੱਨਰ ਮੋਟਰਸਾਈਕਲ ’ਤੇ ਆਏ ਸਨ। ਪਹਿਲੇ ਦਿਨ ਪੁਲੀਸ ਨੂੰ ਕਾਤਲਾਂ ਦੀ ਫੁਟੇਜ ਮਿਲੀ ਸੀ, ਜਦੋਂ ਕਿ ਵਾਰਦਾਤ ਤੋਂ ਅਗਲੇ ਦਿਨ ਲਾਡੋਵਾਲ ਦੇ ਇਲਾਕੇ ’ਚੋਂ ਪੁਲੀਸ ਨੇ ਮੋਟਰਸਾਈਕਲ ਬਰਾਮਦ ਕਰ ਲਿਆ ਸੀ। ਮੋਟਰਸਾਈਕਲ ਦੇ ਨੰਬਰ ਤੋਂ ਪੁਲੀਸ ਮਾਲਕ ਤੱਕ ਪੁੱਜੀ ਸੀ ਤਾਂ ਪਤਾ ਲੱਗਿਆ ਸੀ ਕਿ ਕਤਲ ਵਿੱਚ ਵਰਤਿਆ ਗਿਆ ਮੋਟਰਸਾਈਕਲ 10 ਅਕਤੂਬਰ ਨੂੰ ਢੋਲੇਵਾਲ ਇਲਾਕੇ ’ਚੋਂ ਚੋਰੀ ਹੋਇਆ ਸੀ। ਫਿਰ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਵੱਲ ਜਾਂਚ ਸੇਧਤ ਕੀਤੀ। ਢੋਲੇਵਾਲ ਤੇ ਆਸਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਪੁਲੀਸ ਨੂੰ ਇੱਕ ਨੌਜਵਾਨ ਦੀ ਫੁਟੇਜ ਮਿਲੀ। ਪਹਿਲਾਂ ਉਹ ਨੌਜਵਾਨ ਪੈਦਲ ਉਸ ਇਲਾਕੇ ਵਿੱਚ ਘੁੰਮਦਾ ਨਜ਼ਰ ਆਇਆ ਤੇ ਉਸ ਤੋਂ ਬਾਅਦ ਉਕਤ ਮੋਟਰਸਾਈਕਲ ਲਿਜਾਂਦਾ ਦਿਸਿਆ। ਫੁਟੇਜ ਦੇ ਆਧਾਰ ’ਤੇ ਪੁਲੀਸ ਨੇ ਸਕੈੱਚ ਤਿਆਰ ਕਰਵਾਇਆ। ਉਕਤ ਫੁਟੇਜ ਤੇ ਸਕੈਚ ਨੂੰ ਲੁਧਿਆਣਾ ਪੁਲੀਸ ਨੇ ਸਾਰੇ ਜ਼ਿਲ੍ਹਿਆਂ ਦੀ ਪੁਲੀਸ ਨੂੰ ਦੇਣ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕੀਤਾ। ਪੁਲੀਸ ਨੇ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ ਪਰ ਲੁਧਿਆਣਾ ਪੁਲੀਸ ਹੱਥ ਕੁਝ ਨਹੀਂ ਲੱਗਿਆ ਸੀ।
ਸੂਤਰਾਂ ਦਾ ਕਹਿਣਾ ਹੈ ਕਿ ਰਮਨਦੀਪ ਨੇ ਕਥਿਤ ਤੌਰ ’ਤੇ 10 ਅਕਤੂਬਰ ਨੂੰ ਢੋਲੇਵਾਲ ਤੋਂ ਮੋਟਰਸਾਈਕਲ ਚੋਰੀ ਕੀਤਾ ਸੀ। ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਉਸ ਨੂੰ ਆਪਣੇ ਪਿੰਡ ਚੂਹੜਵਾਲ ਲੈ ਗਿਆ। ਉਸ ਨੇ ਮੋਟਰਸਾਈਕਲ ਘਰ ਵਿੱਚ ਹੀ ਰੱਖਿਆ ਤੇ ਘਰ ਵਾਲਿਆਂ ਨੂੰ ਆਖਿਆ ਕਿ ਮੋਟਰਸਾਈਕਲ ਦੋਸਤ ਦਾ ਹੈ, ਜਿਹੜਾ ਕੁਝ ਦਿਨਾਂ ਬਾਅਦ ਲੈ ਜਾਵੇਗਾ। ਵਾਰਦਾਤ ਵਾਲੇ ਦਿਨ ਇਸੇ ਮੋਟਰਸਾਈਕਲ ਦੀ ਵਰਤੋਂ ਕੀਤੀ ਗਈ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਟਰਸਾਈਕਲ ਲਾਡੋਵਾਲ ਕੋਲ ਝਾੜੀਆਂ ਵਿੱਚ ਸੁੱਟ ਦਿੱਤਾ ਗਿਆ। ਸੂਤਰਾਂ ਅਨੁਸਾਰ ਵਾਰਦਾਤ ਵਾਲੇ ਦਿਨ ਰਮਨਦੀਪ ਕੈਨੇਡੀਅਨ ਨੇ ਕਥਿਤ ਤੌਰ ’ਤੇ ਲਾਡੋਵਾਲ ਕੋਲ ਮੋਟਰਸਾਈਕਲ ਖੜ੍ਹਾ ਕੀਤਾ ਸੀ। ਜਦਕਿ ਉਸ ਦਾ ਦੂਜਾ ਸਾਥੀ ਕਿਤੇ ਹੋਰ ਚਲਾ ਗਿਆ। ਪੁਲੀਸ ਕਮਿਸ਼ਨਰ ਆਰ.ਐਨ. ਢੋਕੇ ਨੇ ਕਿਹਾ ਕਿ ਹਾਲੇ ਮੁਲਜ਼ਮ ਰਮਨਦੀਪ ਮੋਗਾ ਪੁਲੀਸ ਕੋਲ ਰਿਮਾਂਡ ’ਤੇ ਹੈ। ਉਥੋਂ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਲੁਧਿਆਣਾ ਪੁਲੀਸ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ ਤੇ ਪੁੱਛ-ਪੜਤਾਲ ਕਰੇਗੀ।