ਜਲੰਧਰ, 29 ਜਨਵਰੀ
ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਜਲੰਧਰ ਦੇ ਗੈਂਗਸਟਰ ਪ੍ਰੇਮਾ ਲਾਹੌਰੀਆ ਦਾ ਦੇਰ ਸ਼ਾਮ ਸਸਕਾਰ ਕਰ ਦਿੱਤਾ ਗਿਆ। ਪ੍ਰੇਮਾ ਲਾਹੌਰੀਆ ਦੇ ਮਿੱਠੂ ਬਸਤੀ ਸਥਿਤ ਘਰ ਤੋਂ ਸ਼ਾਮ 6 ਵਜੇ ਉਸ ਦੀ ਅੰਤਿਮ ਯਾਤਰਾ ਸ਼ੁਰੂ ਹੋਈ ਅਤੇ ਬਸਤੀ ਗੁਜਾਂ ਦੇ ਸ਼ਮਸ਼ਾਨ ਘਾਟ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਪ੍ਰੇਮਾ ਲਾਹੌਰੀਆ ਦੇ ਪਰਿਵਾਰ ਵਾਲੇ ਬੀਤੇ ਦਿਨ ਹੀ ਉਸ ਦੀ ਲਾਸ਼ ਲੈਣ ਲਈ ਗੰਗਾਨਗਰ ਰਵਾਨਾ ਹੋ ਗਏ ਸਨ ਅਤੇ ਅੱਜ ਸਵੇਰੇ ਉਸ ਦੀ ਲਾਸ਼ ਲੈ ਕੇ ਵਾਪਸ ਜਲੰਧਰ ਪਹੁੰਚ ਗਏ। ਪ੍ਰੇਮਾ ਲਾਹੌਰੀਆ ਦੀ ਛੋਟੀ ਭੈਣ ਵਿਦੇਸ਼ ਰਹਿੰਦੀ ਹੈ। ਉਸ ਦੇ ਪਹੁੰਚਣ ਤੋਂ ਬਾਅਦ ਸਸਕਾਰ ਕੀਤਾ ਗਿਆ। ਪ੍ਰੇਮਾ ਲਾਹੌਰੀਆ ਦੇ ਪਰਿਵਾਰ ਵਾਲਿਆਂ ਅਤੇ ਉਸ ਦੇ ਦੋਸਤਾਂ ਨੇ ਮੀਡੀਆ ਨੂੰ ਘਰ ਅੰਦਰ ਨਹੀਂ ਜਾਣ ਦਿੱਤਾ। ਇਸ ਤਰ੍ਹਾਂ ਪੂਰਾ ਦਿਨ ਸੁਰੱਖਿਆ ਦੇ ਲਿਹਾਜ਼ ਪੱਖੋਂ ਕੋਈ ਵੀ ਵਰਦੀਧਾਰੀ ਪੁਲੀਸ ਮੁਲਾਜ਼ਮ ਜਾਂ ਅਫਸਰ ਲਾਹੌਰੀਆ ਦੇ ਘਰ ਕੋਲ ਨਜ਼ਰ ਨਹੀਂ ਆਇਆ। ਸੂਤਰਾਂ ਅਨੁਸਾਰ ਸਿਵਲ ਵਰਦੀ ’ਚ ਕੁਝ ਪੁਲੀਸ ਮੁਲਾਜ਼ਮ ਨੇੜੇ-ਤੇੜੇ ਮੌਜੂਦ ਰਹੇ, ਜੋ ਹਾਲਾਤ ’ਤੇ ਨਜ਼ਰ ਰੱਖ ਰਹੇ ਸਨ। ਜ਼ਿਕਰਯੋਗ ਹੈ ਕਿ 26 ਜਨਵਰੀ ਦੀ ਸ਼ਾਮ ਨੂੰ ਪੰਜਾਬ-ਰਾਜਸਥਾਨ ਸਰਹੱਦ ’ਤੇ ਨਾਮੀ ਗੈਂਗਸਟਰ ਵਿੱਕੀ ਗੌਂਡਰ ਨਾਲ ਹੀ ਪ੍ਰੇਮਾ ਲਾਹੌਰੀਆ ਪੁਲੀਸ ਮੁਕਾਬਲੇ ’ਚ ਮਾਰਿਆ ਗਿਆ ਸੀ।