ਪਟਿਆਲਾ, ਯੂਪੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਘਣਸ਼ਿਆਮਪੁਰੀਆ ਦੀ ਰਿਹਾਈ ਲਈ ਪੈਸਿਆਂ ਦਾ ‘ਪ੍ਰਬੰਧ’ ਕੀਤੇ ਜਾਣ ਦਾ ਮਾਮਲਾ ਉਲਝ ਗਿਆ ਹੈ। ਉਸ ਨੂੰ ‘ਛੁਡਵਾਉਣ ਲਈ ਯੂਪੀ ਦੇ ਪੁਲੀਸ ਮੁਲਾਜ਼ਮਾਂ ਨੂੰ ਦੇਣ ਵਾਸਤੇ 50 ਲੱਖ ਰੁਪਏ ਦਾ ਪ੍ਰਬੰਧ ਕਰਨ’ ਦੇ ਮਾਮਲੇ ਵਿੱਚ ਪੰਜਾਬ ਦੇ ਕੁਝ ਸ਼ਰਾਬ ਦੇ ਠੇਕੇਦਾਰਾਂ ਅਤੇ ਜੇਲ੍ਹ ਬੰਦੀਆਂ ਖ਼ਿਲਾਫ਼ ਜਾਂਚ ਚੱਲ ਰਹੀ ਹੈ। ਗ਼ੌਰਤਲਬ ਹੈ ਕਿ ਘਣਸ਼ਾਮਪੁਰੀਆ ਪੰਜਾਬ ਦੇ ਗੈਂਗਸਟਰਾਂ ਨੂੰ ਹਥਿਆਰ ਮੁਹੱਈਆ ਕਰਾਉਣ ਵਿੱਚ ਅਹਿਮ ਰੋਲ ਨਿਭਾਉਂਦਾ ਰਿਹਾ ਹੈ, ਜਿਸ ਕਾਰਨ ਪੁਲੀਸ ਇਸ ਮਾਮਲੇ ਨੂੰ ਖ਼ਾਸ ਤਵੱਜੋ ਦੇ ਰਹੀ ਹੈ। ਇੰਟੈਲੀਜੈਂਸ ਨੂੰ ਮਿਲੀ ਖ਼ੁਫ਼ੀਆ ਜਾਣਕਾਰੀ ਮੁਤਾਬਕ ਪੰਜਾਬ ਦੀਆਂ ‘ਜੇਲ੍ਹਾਂ ਵਿੱਚ ਬੰਦ ਕੁਝ ਮੁਜਰਮਾਂ’ ਨੇ ਆਪਣੇ ਜੇਲ੍ਹਾਂ ਤੋਂ ਬਾਹਰਲੇ ਸਾਥੀਆਂ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਇਸ ਰਕਮ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਇਹ ਗੈਂਗਸਰਟ ਇਸ ਵਕਤ ਲਾਪਤਾ ਹੈ।
ਤਾਜ਼ਾ ਵਿਵਾਦ ਮੁਤਾਬਕ ਦੋਸ਼ ਹੈ ਕਿ ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ਼) ਨੇ ਜੇਲ੍ਹ ਬਰੇਕ ਮਾਮਲੇ ਦੇ ਇਕ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ਼ ਗੋਪੀ ਘਣਸ਼ਿਆਪੁਰੀਆ ਨੂੰ ਬੀਤੀ 10 ਸਤੰਬਰ ਨੂੰ ਸ਼ਾਹਜਹਾਂਪੁਰ ਕਸਬੇ ਵਿੱਚੋਂ ਹਿਰਾਸਤ ਵਿੱਚ ਲਿਆ ਸੀ, ਪਰ ਹੁਣ ਉਹ ਲਾਪਤਾ ਹੈ। ਜਿੱਥੇ ਉਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ, ਉਥੇ ਪੰਜਾਬ ਇੰਟੈਲੀਜੈਂਸ ਵੱਲੋਂ ਯੂਪੀ ਦੇ ਸੁਲਤਾਨਪੁਰ ਦੇ ਸੰਦੀਪ ਤਿਵਾੜੀ ਉਰਫ਼ ਪਿੰਟੂ ਅਤੇ ਅੰਮ੍ਰਿਤਸਰ ਦੇ ਸ਼ਰਾਬ ਦੇ ਠੇਕੇਦਾਰ ਰਣਦੀਪ ਸਿੰਘ ਉਰਫ਼ ਰਿੰਪਲ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਪਿੰਟੂ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸ ਨੇ ਯੂਪੀ ਵਿਧਾਨ ਸਭਾ ਦੀਆਂ ਹਾਲੀਆ ਚੋਣਾਂ ਲੜੀਆਂ ਸਨ ਅਤੇ ਉਹ ਯੂਪੀ ਦੇ ਇਕ ਆਈਪੀਐਸ ਅਫ਼ਸਰ ਦੇ ਕਰੀਬ ਹੈ। ਇਸ ਅਫ਼ਸਰ ਨਾਲ ਨੇੜਤਾ ਸਦਕਾ ਉਹ ਅਜਿਹੇ ‘ਗੈਂਗਸਟਰਾਂ ਦੀ ਮੱਦਦ ਕਰਦਾ ਸੀ ਜਿਹੜੇ ਪੰਜਾਬ ਵਿੱਚ ਜੁਰਮ ਕਰ ਕੇ ਯੂਪੀ ਪੁੱਜਦੇ ਸਨ।’ ਮਾਮਲੇ ਨੂੰ ਦੇਖ ਰਹੇ ਪੰਜਾਬ ਦੇ ਇਕ ਸੀਨੀਅਰ ਆਈਪੀਐਸ ਅਫ਼ਸਰ ਨੇ ਕਿਹਾ, ‘‘ਇਹ ਸੌਦਾ ਸਿਰੇ ਚੜ੍ਹਾਉਣ ਲਈ ਪਿੰਟੂ ਨੇ ਹੀ ਕਥਿਤ ਜ਼ੋਰ ਲਾਇਆ ਹੋਇਆ ਸੀ। ਪਰ ਜਦੋਂ ਗੁਰਪ੍ਰੀਤ ਗ੍ਰਿਫ਼ਤਾਰ ਹੋ ਗਿਆ ਤੇ ਸੌਦਾ ਸਿਰੇ ਚੜ੍ਹ ਗਿਆ, ਉਸ ਤੋਂ ਬਾਅਦ ਕਿਸੇ ਨੂੰ ਨਹੀਂ ਪਤਾ ਕੀ ਵਾਪਰਿਆ।’’
ਇਕ ਸਿਖਰਲੇ ਅਫ਼ਸਰ ਨੇ ਕਿਹਾ, ‘‘ਸਾਡੇ ਵੱਲੋਂ ਫੜੇ ਗਏ ਮੋਬਾਈਲ ਡੇਟਾ ਤੇ ਰਿਕਾਰਡ ਹੋਈ ਗੱਲਬਾਤ ਮੁਤਾਬਕ ਪੈਸੇ ਦਾ ਪ੍ਰਬੰਧ ਹੋ ਗਿਆ ਸੀ ਅਤੇ ਕੁਝ ਰਕਮ ਨਕਦ ਯੂਪੀ ਦੇ ਇਕ ਹੋਟਲ ਵਿੱਚ ਅਦਾ ਕਰ ਦਿੱਤੀ ਗਈ। ਉਸ ਤੋਂ ਬਾਅਦ ਯੂਪੀ ਪੁਲੀਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੇ ਕੋਈ ਗੈਂਗਸਟਰ ਫੜਿਆ ਹੀ ਨਹੀਂ। ਇਥੋਂ ਤੱਕ ਕਿ ਯੂਪੀ ਵਿੱਚ ਗੁਰਪ੍ਰੀਤ ਦਾ ਪਿੱਛਾ ਕਰ ਰਹੀ ਸਾਡੀ ਪੁਲੀਸ ਨੂੰ ਵੀ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ। ਸਾਨੂੰ ਖ਼ਦਸ਼ਾ ਹੈ ਕਿ ਉਸ ਨੂੰ ਜਾਂ ਤਾਂ ਮਾਰ ਦਿੱਤਾ ਗਿਆ ਹੈ, ਜਾਂ ਨੇਪਾਲ ਲੰਘਾ ਦਿੱਤਾ ਗਿਆ ਹੈ।’’
ਸ਼ਰਾਬ ਦੇ ਠੇਕੇਦਾਰ ਰਿੰਪਲ ਤੇ ਪਿੰਟੂ ਦੀ ਗ੍ਰਿਫ਼ਤਾਰੀ ਤੋਂ ਦੋ ਦਿਨ ਬਾਅਦ ਦੋ ਹੋਰ ਮੁਲਜ਼ਮਾਂ ਹਰਜਿੰਦਰ ਸਿੰਘ ਤੇ ਅਮਨਦੀਪ ਸਿੰਘ ਨੂੰ ਕ੍ਰਮਵਾਰ ਪੀਲੀਭੀਤ ਤੇ ਰੁਦਰਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇੰਟੈਲੀਜੈਸ ਸੂਤਰਾਂ ਮੁਤਾਬਕ ਹੁਣ ਤੱਕ ਹੋਈ ਜਾਂਚ ਤੋਂ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਬੰਦ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਢੋਲੀ ਦੇ ਗੁਰਪ੍ਰੀਤ ਨਾਲ ਸਬੰਧ ਸਨ। ਉਸ ਨੇ ਪੈਸੇ ਦੇ ਪ੍ਰਬੰਧ ਲਈ ਰਿੰਪਲ ਨਾਲ ਕਥਿਤ ਸੰਪਰਕ ਕੀਤਾ ਸੀ। ਇਸ ਘਟਨਾ ਤੋਂ ਇਹ ਵੀ ਮੁੜ ਸਾਫ਼ ਹੋ ਗਿਆ ਹੈ ਕਿ ਜੇਲ੍ਹਾਂ ਵਿੱਚ ਬੰਦ ਗੈਂਗਸਟਰ ਅੰਦਰੋਂ ਹੀ ਆਪਣਾ ਨੈਟਵਰਕ ਚਲਾਉਣ ਲਈ ਸਮਾਰਟ ਫੋਨਾਂ ਦਾ ਇਸਤੇਮਾਲ ਬੇਰੋਕ ਕਰ ਰਹੇ ਹਨ।