ਜ਼ੀਰਕਪੁਰ, ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਵੱਲੋਂ ਲੰਘੇ ਕੁਝ ਦਿਨਾਂ ਤੋਂ ਜ਼ਿਲ੍ਹਾ ਮੁਹਾਲੀ ਤੇ ਚੰਡੀਗੜ੍ਹ ਵਿੱਚ ਸਰਗਰਮੀਆਂ ਵਧਾਉਣ ਦੀ ਸੂਚਨਾ ਮਿਲੀ ਹੈ। ਇਸ ਗੈਂਗਸਟਰ ਦੇ ਕਈ ਦਿਨਾਂ ਤੋਂ ਜ਼ਿਲ੍ਹਾ ਮੁਹਾਲੀ ਤੇ ਚੰਡੀਗੜ੍ਹ ਵਿੱਚ ਆਉਣ-ਜਾਣ ਨੂੰ ਲੈ ਕੇ ਇਹ ਜ਼ਿਲ੍ਹਾ ਹਾਈ ਅਲਰਟ ’ਤੇ ਹੈ। ਗੈਂਗਸਟਰ ਨੂੰ ਕਾਬੂ ਕਰਨ ਲਈ ਐੱਸਐੱਸਪੀ ਮੁਹਾਲੀ ਕੁਲਦੀਪ ਸਿੰਘ ਚਾਹਲ ਖ਼ੁਦ ਕਮਾਂਡ ਸੰਭਾਲ ਰਹੇ ਹਨ। ਜ਼ਿਲ੍ਹੇ ਵਿੱਚ ਸੀਆਈਏ ਇੰਚਾਰਜ ਤਰਲੋਚਨ ਸਿੰਘ ਅਗਵਾਈ ਵਿੱਚ ਟੀਮ ਹਰ ਪਾਸੇ ਤਿੱਖੀ ਨਜ਼ਰ ਰੱਖ ਰਹੀ ਹੈ। ਲੰਘੇ ਦੋ-ਤਿੰਨ ਦਿਨਾਂ ਤੋਂ ਇਸ ਗੈਂਗਸਟਰ ਦੀ ਡੇਰਾਬੱਸੀ ਸਬ-ਡਿਵੀਜ਼ਨ ਵਿੱਚ ਵੀ ਸਰਗਰਮ ਹੋਣ ਦੇ ਸ਼ੱਕ ਕਾਰਨ ਪੁਲੀਸ ਨੂੰ ਭਾਜੜਾਂ ਪਈਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਦਿਲਪ੍ਰੀਤ ਸਿੰਘ ਉਰਫ਼ ਬਾਬਾ ਪੰਜਾਬ ਦਾ ਮੋਸਟ ਵਾਂਟੇਡ ਗੈਂਗਸਟਰ ਹੈ, ਜੋ ਰੋਪੜ ਦਾ ਰਹਿਣ ਵਾਲਾ ਹੈ। ਇਹ ਗੈਂਗਸਟਰ ਪੰਜਾਬ ਦੇ ਇਕ ਹੋਰ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨਾਲ ਰਲ ਕੇ ਪੰਜਾਬ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਦਿਲਪ੍ਰੀਤ ਸਿੰਘ ਉਰਫ਼ ਬਾਬਾ ਉਦੋਂ ਚਰਚਾ ਵਿੱਚ ਆ ਗਿਆ ਸੀ, ਜਦੋਂ ਉਸ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ’ਤੇ ਗੋਲੀਆਂ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਹੁਣ ਇਸ ਗੈਂਗਸਟਰ ਵੱਲੋਂ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗੀ ਗਈ ਹੈ, ਜਿਸ ਸਬੰਧੀ ਜ਼ਿਲ੍ਹਾ ਮੁਹਾਲੀ ਪੁਲੀਸ ਨੇ ਕੇਸ ਵੀ ਦਰਜ ਕੀਤਾ ਹੈ। ਦੂਜੇ ਪਾਸੇ, ਡੇਰਾਬੱਸੀ ਖੇਤਰ ਵਿੱਚ ਲੰਘੇ ਦਿਨੀ ਪੰਜਾਬ ਦੇ ਉਭਰਦੇ ਨੌਜਵਾਨ ਗਾਇਕ ਨਵਜੋਤ ਸਿੰਘ ਵਿਰਕ ਉਰਫ਼ ਲਵ ਵਿਰਕ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਕੇਸ ਵਿੱਚ ਵੀ ਪੁਲੀਸ ਦਿਲਪ੍ਰੀਤ ਸਿੰਘ ਉਰਫ਼ ਬਾਬਾ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਹੋ ਸਕਦਾ ਹੈ ਕਿ ਨਵਜੋਤ ਸਿੰਘ ਵਿਰਕ ਦਾ ਕਤਲ ਸੁਪਾਰੀ ਦੇ ਕੇ ਇਸੇ ਗਰੋਹ ਤੋਂ ਕਰਵਾਇਆ ਗਿਆ ਹੋਵੇ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਇਸ ਗੈਂਗਸਟਰ ਨੂੰ ਖਰੜ ਵਿੱਚ ਪਨਾਹ ਦਿੱਤੀ ਜਾਂਦੀ ਹੈ, ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਗੈਂਗਸਟਰ ਦੇ ਕੱਲ੍ਹ ਜ਼ੀਰਕਪੁਰ ਆਉਣ ਨੂੰ ਲੈ ਕੇ ਪੁਲੀਸ ਪੂਰੀ ਤਰ੍ਹਾਂ ਹਾਈ ਅਲਰਟ ’ਤੇ ਹੈ। ਅੱਜ ਇਸ ਗੈਂਗਸਟਰ ਦੀ ਲਾਲੜੂ ਵਿੱਚ ਸਰਗਰਮੀ ਬਾਰੇ ਸੂਚਨਾ ਮਿਲੀ ਹੈ।