ਫ਼ਰੀਦਕੋਟ, 4 ਮਾਰਚ
ਪਹਿਲੀ ਸ਼੍ਰੇਣੀ ਦੇ ਗੈਂਗਸਟਰ ਤੀਰਥ ਢਿੱਲਵਾਂ (ਫ਼ਰੀਦਕੋਟ) ਦੀ ਪੰਜਾਬ ਪੁਲੀਸ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਨਾਲ ਉਸ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਹੈ।
ਦੱਸਣਯੋਗ ਹੈ ਕਿ ਨਵੰਬਰ 2010 ਵਿੱਚ ਆਪਣੇ ਜੀਜੇ ਦੇ ਕਤਲ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਅਪਰਾਧ ਦੀ ਦੁਨੀਆਂ ਵਿੱਚ ਦਾਖ਼ਲ ਹੋਏ ਤੀਰਥ ਢਿੱਲਵਾਂ ਦੇ ਘਰ ਕਰੀਬ ਦੋ ਹਫ਼ਤੇ ਪਹਿਲਾਂ ਫ਼ਰੀਦਕੋਟ ਦੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਗਏ ਸੀ ਅਤੇ ਉਸ ਦੇ ਪਰਿਵਾਰ ਨੂੰ ਅਪੀਲ ਕੀਤੀ ਸੀ ਕਿ ਉਹ ਤੀਰਥ ਢਿੱਲਵਾਂ ਨੂੰ ਆਤਮ ਸਮਰਪਣ ਕਰਨ ਲਈ ਪ੍ਰੇਰਿਤ ਕਰਨ। ਕਤਲ, ਇਰਾਦਾ ਕਤਲ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਦੋਸ਼ਾਂ ਵਿੱਚ ਘਿਰੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਤੀਰਥ ਢਿੱਲਵਾਂ ਦੀ ਭੈਣ ਗੁਰਵੀਰ ਕੌਰ ਨੇ ਕਿਹਾ ਕਿ ਉਸ ਨੇ ਆਪਣੇ ਭਰਾ ਦੀ ਅੱਠ ਸਾਲਾਂ ਬਾਅਦ ਪਹਿਲੀ ਵਾਰ ਟੀਵੀ ’ਤੇ ਫੋਟੋ ਦੇਖੀ ਹੈ, ਜਿਸ ਤੋਂ ਜਾਪਦਾ ਹੈ ਕਿ ਉਸ ਦੇ ਭਰਾ ਨੇ ਪੁਲੀਸ ਕੋਲ ਆਤਮ ਸਮਰਪਣ ਕੀਤਾ ਹੈ ਕਿਉਂਕਿ ਪਿਛਲੇ ਹਫ਼ਤੇ ਹੀ ਉਨ੍ਹਾਂ ਨੇ ਮੀਡੀਆ ਰਾਹੀਂ ਤੀਰਥ ਨੂੰ ਅਪਰਾਧ ਦੀ ਦੁਨੀਆਂ ਛੱਡਣ ਦੀ ਅਪੀਲ ਕੀਤੀ ਸੀ। ਸਰਕਾਰ ਤੋਂ ਰਹਿਮ ਦੀ ਆਸ ਲਾਈ ਬੈਠੇ ਤੀਰਥ ਢਿੱਲਵਾਂ ਦੇ ਪਰਿਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਬੱਚਾ ਅੱਠ ਸਾਲ ਪਹਿਲਾਂ ਘਰ ਛੱਡ ਕੇ ਅਪਰਾਧ ਦੀ ਦੁਨੀਆਂ ਵਿੱਚ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਪਰਿਵਾਰ ਨਾਲ ਕੋਈ ਰਾਬਤਾ ਨਹੀਂ ਰੱਖਿਆ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਤੀਰਥ ਢਿੱਲਵਾਂ ਪਹਿਲੀ ਸ਼੍ਰੇਣੀ ਦੇ ਗੈਂਗਸਟਰਾਂ ਵਿੱਚ ਸ਼ੁਮਾਰ ਸੀ। ਉਨ੍ਹਾਂ ਕਿਹਾ ਕਿ ਤੀਰਥ ਢਿੱਲਵਾਂ ਨੂੰ ਖੰਨਾ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਕਿਹਾ ਕਿ ਤੀਰਥ ਢਿੱਲਵਾਂ ਖ਼ਿਲਾਫ਼ ਫਰੀਦਕੋਟ ਜ਼ਿਲ੍ਹੇ ਵਿੱਚ ਹਾਲ ਦੀ ਘੜੀ ਕੋਈ ਕੇਸ ਦਰਜ ਨਹੀਂ ਹੈ। ਤੀਰਥ ਢਿੱਲਵਾਂ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਤ ਹੈ ਅਤੇ ਉਹ ਇਲਾਕੇ ਵਿੱਚ ਵਧੀਆ ਕਬੱਡੀ ਖਿਡਾਰੀ ਵਜੋਂ ਜਾਣਿਆ ਜਾਂਦਾ ਸੀ। ਉਸ ਦੀਆਂ ਦੋ ਭੈਣਾਂ ਆਸਟਰੇਲੀਆ ਵਿੱਚ ਰਹਿ ਰਹੀਆਂ ਹਨ।