ਕਿਹਾ, ਨਕਲੀ ਖਾਦ ਵੇਚਣ ਵਾਲਿਆਂ ਦਾ ਪੱਖ ਪੂਰ ਕੇ ਅਕਾਲੀ ਦਲ ਪ੍ਰਧਾਨ ਕਿਸਾਨਾਂ ਦੇ ਜਖ਼ਮਾਂ ਤੇ ਲੂਣ ਛਿੜਕ ਰਹੇ ਹਨ
ਚੰਡੀਗੜ, 15 ਜਨਵਰੀ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੂਰੀ ਤਰਾਂ ਮੁੱਦਾਵਹੀਨ ਹੋ ਚੁੱਕੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਹੁਣ ਗੈਂਗਸਟਰਾਂ ਦੇ ਮਦਦਗਾਰਾਂ ਦੇ ਹੱਕ ਵਿਚ ਖੜ ਕੇ ਅੱਤ ਨੀਵੇਂ ਦਰਜੇ ਦੀ ਸਿਆਸਤ ਤੇ ਉਤਰ ਆਏ ਹਨ।
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਦੇ ਸਬੰਧ ਵਿਚ ਆਪਣੀ ਪ੍ਰਤਿਕ੍ਰਿਆ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਨਾਂ ਲੋਕਾਂ ਦੇ ਹੱਕ ਵਿਚ ਖੜੇ ਹੋ ਰਹੇ ਹਨ ਜਿੰਨਾਂ ਖਿਲਾਫ ਗੈਂਗਸਟਰਾਂ ਨੂੰ ਜ਼ੇਲਾਂ ਵਿਚ ਜਾ ਕੇ ਮਿਲਣ ਦਾ ਪਰਚਾ ਦਰਜ ਹੋਇਆ ਸੀ ਅਤੇ ਉਹ ਪਰਚਾ ਵੀ ਅਕਾਲੀ ਦਲ ਦੀ ਪਿੱਛਲੀ ਸਰਕਾਰ ਸਮੇਂ ਹੋਇਆ ਸੀ ਅਤੇ ਜ਼ਿਨਾਂ ਖਿਲਾਫ ਕਿਸਾਨਾਂ ਨੂੰ ਨਕਲੀ ਖਾਦ ਵੇਚਣ ਦਾ ਮਾਮਲਾ ਦਰਜ ਹੈ। ਸ੍ਰੀ ਜਾਖੜ ਨੇ ਕਿਹਾ ਕਿ ਅਜਿਹੇ ਲੋਕਾਂ ਦੀ ਪੈਰਵਾਈ ਕਰਕੇ ਸੋ੍ਰਮਣੀ ਅਕਾਲੀ ਦਲ ਪ੍ਰਧਾਨ ਆਪਣੇ ਅਹੁਦੇ ਦੀ ਮਰਿਆਦਾ ਹੀ ਘਟਾ ਰਹੇ ਹਨ।
ਸ੍ਰੀ ਜਾਖੜ ਨੇ ਕਿਹਾ ਕਿ ਅੱਜ ਜਿੰਨਾਂ ਵਿਅਕਤੀਆਂ ਨੂੰ ਪ੍ਰੈਸ ਕਾਨਫਰੰਸ ਵਿਚ ਪੇਸ਼ ਕੀਤਾ ਉਨਾਂ ਖਿਲਾਫ ਗੈਂਗਸਟਰਾਂ ਨਾਲ ਜੇਲ ਵਿਚ ਜਾ ਕੇ ਮਿਲਣ ਦਾ ਪਰਚਾ ਦਰਜ ਹੈ ਅਤੇ ਉਹੀ ਗੈਂਗਸਟਰ ਗਵਾਹਾਂ ਨੂੰ ਧਮਕਾ ਰਹੇ ਹਨ ਜਿਸ ਦੀ ਰਿਕਾਰਡਿੰਗ ਪੁਲਿਸ ਕੋਲ ਮੌਜੂਦ ਹੈ। ਸ੍ਰੀ ਜਾਖੜ ਨੇ ਪੁੱਛਿਆ ਕਿ ਕੀ ਸੁਖਬੀਰ ਸਿੰਘ ਬਾਦਲ ਚਾਹੁੰਦੇ ਹਨ ਕਿ ਕਿਸਾਨਾਂ ਨੂੰ ਨਕਲੀ ਖਾਦ ਵੇਚਣ ਵਾਲੇ ਕਿਸਾਨ ਦੋਖੀ ਲੋਕ ਬੇਖੌਫ ਘੁੰਮਣ। ਉਨਾਂ ਨੇ ਯਾਦ ਕਰਵਾਇਆ ਕਿ ਅਕਾਲੀ ਦਲ ਦੇ ਕਾਰਜਕਾਲ ਵਿਚ ਮਾੜੇ ਬੀਜਾਂ ਅਤੇ ਦਵਾਈਆਂ ਕਾਰਨ ਅਕਾਲੀ ਸਰਕਾਰ ਨੇ ਪੂਰੀ ਨਰਮੇ ਪੱਟੀ ਦੀ ਫਸਲ ਤਬਾਹ ਕਰਕੇ ਰੱਖ ਦਿੱਤੀ ਸੀ।
ਸ੍ਰੀ ਜਾਖੜ ਨੇ ਹੋਰ ਕਿਹਾ ਕਿ ਅਕਾਲੀ ਦਲ ਪ੍ਰਧਾਨ ਨੇ ਆਪਣਾ ਰੁਤਬਾ ਐਨਾਂ ਡੇਗ ਲਿਆ ਹੈ ਕਿ ਉਹ 323 ਦੇ ਸਧਾਰਨ ਮੁਕੱਦਮੇ ਬਾਰੇ ਪ੍ਰੈਸ ਕਾਨਫਰੰਸ ਸੱਦ ਕੇ ਬੈਠ ਜਾਂਦੇ ਹਨ ਜਦ ਕਿ ਉਹ ਭੁੱਲ ਜਾਂਦੇ ਹਨ ਕਿ ਉਨਾਂ ਦੀ ਸਰਕਾਰ ਸਮੇਂ ਦਰਜ ਹੋਏ ਹਜਾਰਾਂ ਝੁਠੇ ਪਰਚਿਆਂ ਦੀ ਜਾਂਚ ਲਈ ਸਰਕਾਰ ਨੂੰ ਜਸਟਿਸ ਮਹਿਤਾਬ ਸਿੰਘ ਕਮਿਸ਼ਨਰ ਦਾ ਗਠਨ ਕਰਨਾ ਪਿਆ।
ਸ੍ਰੀ ਜਾਖੜ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੀ ਪੁਲਿਸ ਜਾਂ ਕਿਸੇ ਵੀ ਕਾਨੂੰਨ ਲਾਗੂ ਕਰਨ ਵਾਲੀ ਏਂਜਸੀ ਦੇ ਕੰਮਕਾਜ ਵਿਚ ਕੋਈ ਸਿਆਸੀ ਦਖਲ ਅੰਦਾਜੀ ਨਹੀਂ ਹੈ ਅਤੇ ਕਾਨੂੰਨ ਪੂਰੀ ਨਿਰੱਪਖਤਾ ਨਾਲ ਗੈਰ ਸਮਾਜਿਕ ਅਨਸਰਾਂ ਖਿਲਾਫ ਕਾਰਵਾਈ ਕਰ ਰਿਹਾ ਹੈ।