ਬਠਿੰਡਾ, 7 ਫਰਵਰੀ
ਬਠਿੰਡਾ ਰਿਫਾਈਨਰੀ ਦੇ ‘ਗੁੰਡਾ ਟੈਕਸ’ ਤੋਂ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਭਿੜ ਪਏ ਹਨ। ਚਾਰ ਦਿਨਾਂ ਦੇ ਰੌਲੇ-ਰੱਪੇ ਮਗਰੋਂ ਦੋਵੇਂ ਨੇਤਾ ਅੱਜ ਮੈਦਾਨ ਵਿੱਚ ਨਿੱਤਰੇ ਹਨ ਜਦਕਿ ਪਹਿਲਾਂ ਦੋਵਾਂ ਨੇ ਚੁੱਪ ਵੱਟੀ ਹੋਈ ਸੀ।
ਸੂਤਰਾਂ ਮੁਤਾਬਕ ‘ਆਪ’ ਦੇ ਸੀਨੀਅਰ ਆਗੂਆਂ ਨੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੀ ਗੁੰਡਾ ਟੈਕਸ ’ਤੇ ਵੱਟੀ ਚੁੱਪ ਦਾ ਸਖ਼ਤ ਨੋਟਿਸ ਲਿਆ ਅਤੇ ਇਸ ਮਾਮਲੇ ’ਤੇ ਫੌਰੀ ਬੋਲਣ ਲਈ ਆਖਿਆ ਹੈ। ਅੱਜ ਜਦੋਂ ਵਿਧਾਇਕ ਬਲਜਿੰਦਰ ਕੌਰ ਨੇ ਗੁੰਡਾ ਟੈਕਸ ’ਤੇ ਬਿਆਨ ਜਾਰੀ ਕਰ ਦਿੱਤਾ ਤਾਂ ਉਸ ਮਗਰੋਂ ਹੀ ਹਲਕਾ ਤਲਵੰਡੀ ਸਾਬੋ ਤੋਂ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੱਧੂ ਦੀ ਜਾਗ ਵੀ ਖੁੱਲ੍ਹ ਗਈ।
ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦਾ ਦੋਸ਼ ਸੀ ਕਿ ਗੁੰਡਾ ਟੈਕਸ ਮਾਮਲੇ ’ਤੇ ਕਾਂਗਰਸੀ ਅਤੇ ‘ਆਪ’ ਆਗੂ ਆਪਸ ਵਿੱਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਹਲਕਾ ਵਿਧਾਇਕ ਨੇ ਵਿਧਾਨ ਸਭਾ ਵਿੱਚ  ਗੁੰਡਾ ਟੈਕਸ ’ਤੇ ਰੌਲਾ ਪਾ ਕੇ ਹਾਕਮ ਧਿਰ ’ਤੇ ਦਬਾਅ ਬਣਾ ਲਿਆ ਅਤੇ ਮਗਰੋਂ ਚੁੱਪ ਧਾਰ ਲਈ, ਜਿਸ ਤੋਂ ਦੋਵਾਂ ਧਿਰਾਂ ਦੀ ਆਪਸੀ ਮਿਲੀਭੁਗਤ ਸਾਫ਼ ਦਿਸਦੀ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਹਨ, ਪਰ ਰਾਮਾਂ ਮੰਡੀ ਦੀ ਯੂਨੀਅਨ ਹਾਲੇ ਵੀ ਚੱਲ ਰਹੀ ਹੈ।

ਹਰ ਜਾਂਚ ਲਈ ਤਿਆਰ ਹਾਂ: ਬਲਜਿੰਦਰ ਕੌਰ
ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਵਿਰੋਧੀ ਧਿਰਾਂ ਦੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਲਈ ਇਹ ਇਲਜ਼ਾਮ ਲਾਏ ਜਾ ਰਹੇ ਹਨ। ਜੇਕਰ ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਹੈ ਤਾਂ ਸਰਕਾਰ ਜਾਂਚ ਕਰਾਉਣ ਤੋਂ ਕਿਉਂ ਡਰ ਰਹੀ ਹੈ? ਉਨ੍ਹਾਂ ਕਿਹਾ ਕਿ ਅਸਲ ਵਿੱਚ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਤੋਂ ਧਿਆਨ ਲਾਂਭੇ ਕਰਨ ਲਈ ਕਾਂਗਰਸੀ ਆਗੂ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਪਰਾਧਾਂ ਅਤੇ ਗੈਂਗਸਟਰਾਂ ਨਾਲ ਅਕਾਲੀ, ਭਾਜਪਾ ਤੇ ਕਾਂਗਰਸੀ ਨੇਤਾਵਾਂ ਦੇ ਨਾਂ ਜੁੜ ਰਹੇ ਹਨ, ਜਿਸ ਕਾਰਨ ਇਹ ਪਾਰਟੀਆਂ ‘ਆਪ’ ਆਗੂਆਂ ਨੂੰ ਉਲਝਾਉਣਾ ਚਾਹੁੰਦੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਜਦੋਂ ਅਕਾਲੀ ਸਰਕਾਰ ਸੀ, ਉਦੋਂ ਵੀ ਗੁੰਡਾ ਟੈਕਸ ਚੱਲਦਾ ਸੀ ਜਿਸ ਤੋਂ ਸਾਰੇ ਜਾਣੂ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਤੇ ਕਾਂਗਰਸੀ ਆਪਸ ਵਿੱਚ ਮਿਲ ਕੇ ਚੱਲਦੇ ਹਨ। ਉਹ ਆਪਣੇ ਖ਼ਿਲਾਫ਼ ਲਾਏ ਜਾ ਰਹੇ ਇਲਜ਼ਾਮਾਂ ਦੀ ਜਾਂਚ ਲਈ ਤਿਆਰ ਹਨ।

ਰਿਫਾਈਨਰੀ ਨੇੜੇ ਇਕੱਠ ’ਤੇ ਪਾਬੰਦੀ
ਬਠਿੰਡਾ: ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉੱਪ ਮੰਡਲ ਮੈਜਿਸਟ੍ਰੇਟ ਤਲਵੰਡੀ ਸਾਬੋ ਵਰਿੰਦਰ ਸਿੰਘ ਨੇ ਰਿਫਾਇਨਰੀ ਨੇੜਲੇ ਪਿੰਡਾਂ ਫੁੱਲੋਖਾਰੀ ਅਤੇ ਕਣਕਵਾਲ ਦੀ ਹਦੂਦ ਅੰਦਰ ਲਾਇਸੰਸੀ, ਗੈਰ ਲਾਇਸੰਸੀ ਅਸਲਾ, ਮਾਨਵ ਜੀਵਨ ਲਈ ਘਾਤਕ ਹਰ ਤਰਾਂ ਦੇ ਹਥਿਆਰ ਨਾਲ ਲੈ ਕੇ ਜਾਣ ਅਤੇ ਪੰਜ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 28 ਫਰਵਰੀ 2018 ਤੱਕ ਲਾਗੂ ਰਹਿਣਗੇ।