ਬਠਿੰਡਾ, ਬਠਿੰਡਾ ਰਿਫ਼ਾਈਨਰੀ ਦੇ ਗੁੰਡਾ ਟੈਕਸ ਦੇ ਭੇਤ ਨਸ਼ਰ ਕਰਨ ਵਾਲੇ ਉਸਾਰੀ ਠੇਕੇਦਾਰ ਨੂੰ ਹੁਣ ਸਿਆਸੀ ਆਗੂਆਂ ਦੇ ਬੰਦਿਆਂ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਉਸਾਰੀ ਠੇਕੇਦਾਰ ਅਸ਼ੋਕ ਕੁਮਾਰ ਬਾਂਸਲ ਦਾ ਪਿੱਛਾ ਕੀਤਾ ਜਾ ਰਿਹਾ ਹੈ। ਉਸਾਰੀ ਠੇਕੇਦਾਰ ਅਸ਼ੋਕ ਬਾਂਸਲ ਨੇ ਅੱਜ ਡੀਜੀਪੀ ਅਤੇ ਐਸ.ਐਸ.ਪੀ. ਬਠਿੰਡਾ ਨੂੰ ਈ-ਮੇਲ ਭੇਜ ਕੇ ਅਣਪਛਾਤੇ ਅਨਸਰਾਂ ਵੱਲੋਂ ਕੀਤੀ ਕਾਰਵਾਈ ਬਾਰੇ ਲਿਖਤੀ ਰੂਪ ਵਿੱਚ ਦੱਸ ਦਿੱਤਾ ਹੈ। ਉਸਾਰੀ ਠੇਕੇਦਾਰ ਦਾ ਪਿੰਡ ਗੁਰੂਸਰ ਸੈਣੇਵਾਲਾ ਵਿੱਚ ਵੀ ਆਰਐਮਸੀ ਪਲਾਂਟ ਹੈ। ਸ਼ਿਕਾਇਤ ਵਿੱਚ ਦੱਸਿਆ ਹੈ ਕਿ ਅੱਜ ਕਰੀਬ 12 ਤੋਂ 12:30 ਵਜੇ ਦੌਰਾਨ ਇੱਕ ਪਲਸਰ ਮੋਟਰਸਾਈਕਲ ਸਵਾਰ ਪਲਾਂਟ ਵਿੱਚ ਆਇਆ ਤੇ ਉਸ ਨੇ ਪਲਾਂਟ ਦੀ ਫੋਟੋਗ੍ਰਾਫੀ ਕਰਨੀ ਸ਼ੁਰੂ ਕਰ ਦਿੱਤੀ। ਉਸ ਮੌਕੇ ਠੇਕੇਦਾਰ ਦਾ 64 ਵਰ੍ਹਿਆਂ ਦਾ ਬਜ਼ੁਰਗ ਪਿਤਾ ਵਿਜੇ ਕੁਮਾਰ ਬਾਂਸਲ ਮੌਜੂਦ ਸੀ। ਸ਼ਿਕਾਇਤ ਅਨੁਸਾਰ ਪਲਸਰ ਮੋਟਰਸਾਈਕਲ ਸਵਾਰ ਨੇ ਉਸ ਦੇ ਪਿਤਾ ਨੂੰ ਧਮਕੀਆਂ ਦਿੱਤੀਆਂ ਅਤੇ ਕੁਝ ਕਾਂਗਰਸੀ ਆਗੂਆਂ ਦੇ ਵੀ ਪਿੱਛੇ ਆਉਣ ਦੀ ਗੱਲ ਆਖੀ। ਉਸ ਨੇ ਫ਼ੋਟੋਗ੍ਰਾਫੀ ਲਈ ਇੱਕ ਕਾਂਗਰਸੀ ਨੇਤਾ ਦਾ ਨਾਮ ਲਿਆ, ਜਿਸ ਤੋਂ ਬਜ਼ੁਰਗ ਸਹਿਮ ਗਿਆ। ਅਸ਼ੋਕ ਬਾਂਸਲ ਨੇ ਦੱਸਿਆ ਕਿ ਉਸ ਮਗਰੋਂ ਤਿੰਨ ਚਾਰ ਬੰਦੇ ਵਰਨਾ ਕਾਰ ਵਿੱਚ ਆਏ ਅਤੇ ਬਾਹਰੋਂ ਹੀ ਕੰਕਰੀਟ ਪਲਾਂਟ ਦੀ ਫੋਟੋਗ੍ਰਾਫੀ ਕਰਕੇ ਫ਼ਰਾਰ ਹੋ ਗਏ। ਉਨ੍ਹਾਂ ਨੇ ਮਾਮਲਾ ਐੱਸ.ਐੱਸ.ਪੀ. ਬਠਿੰਡਾ ਦੇ ਧਿਆਨ ਵਿੱਚ ਲਿਆ ਦਿੱਤਾ। ਠੇਕੇਦਾਰ ਨੇ ਦੱਸਿਆ ਕਿ ਰਿਫ਼ਾਈਨਰੀ ਸਾਈਟ ਵਾਲੇ ਦਫ਼ਤਰ ਵਿੱਚ ਵੀ ਅੱਜ ‘ਗੁੰਡਾ ਟੈਕਸ’ ਨਾਲ ਜੁੜਿਆ ਇੱਕ ਵਿਅਕਤੀ ਆਇਆ, ਜਿਸ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਤਫ਼ਾਕ ਨਾਲ ਉਦੋਂ ਇੱਕ ਸੀਆਈਡੀ ਦਾ ਵਿਅਕਤੀ ਵੀ ਮੌਜੂਦ ਸੀ। ਠੇਕੇਦਾਰ ਨੇ ਇਸ ਮਾਮਲੇ ਸਬੰਧੀ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ।