ਅੰਮ੍ਰਿਤਸਰ, 4 ਅਕਤੂਬਰ
ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ 6 ਅਤੇ 7 ਅਕਤੂਬਰ ਨੂੰ ਮਨਾਏ ਜਾ ਰਹੇ ਪ੍ਰਕਾਸ਼ ਪੁਰਬ ਮੌਕੇ ਮੁੰਬਈ ਦੀ ਸਿੱਖ ਸੰਗਤ ਵੱਲੋਂ ਲਗਭਗ 600 ਕੁਇੰਟਲ ਫੁੱਲਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੀ ਸਜਾਵਟ ਕੀਤੀ ਜਾਵੇਗੀ। ਇਸ ਮੌਕੇ ਅਟਾਰੀ ਸਰਹੱਦ ਅਤੇ ਹੋਰ ਥਾਵਾਂ ’ਤੇ ਦੀਪਮਾਲਾ ਵੀ ਹੋਵੇਗੀ। ਗੁਰਪੁਰਬ ਮੌਕੇ ਚਾਰ ਤੋਂ ਪੰਜ ਲੱਖ ਸ਼ਰਧਾਲੂਆਂ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਣ ਦੀ ਉਮੀਦ ਹੈ।
ਇਹ ਖ਼ੁਲਾਸਾ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁੰਬਈ ਦੀ ਸੰਗਤ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਕਰਨ ਲਈ ਪੁੱਜ ਗਈ ਹੈ ਅਤੇ ਭਲਕ ਤੋਂ ਸਜਾਵਟ ਦਾ ਕੰਮ ਸ਼ੁਰੂ ਹੋ ਜਾਵੇਗਾ। ਇਹ ਫੁੱਲ ਵੱਖ-ਵੱਖ ਦੇਸ਼ਾਂ ਤੋਂ ਮੰਗਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਗੁਰਪੁਰਬ ਮੌਕੇ ਚਾਰ ਤੋਂ ਪੰਜ ਲੱਖ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪੁੱਜਣਗੇ ਅਤੇ ਇਨ੍ਹਾਂ ਵਾਸਤੇ ਰਿਹਾਇਸ਼ ਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਕੁਝ ਹੋਟਲ ਮਾਲਕਾਂ ਨੇ ਸ਼ਰਧਾਵਸ ਇਨ੍ਹਾਂ ਦੋ ਦਿਨਾਂ ਦੌਰਾਨ ਸ਼ਰਧਾਲੂਆਂ ਨੂੰ ਆਪਣੇ ਹੋਟਲਾਂ ਵਿੱਚ ਮੁਫਤ ਰਿਹਾਇਸ਼ ਦੇਣ ਦਾ ਵਾਅਦਾ ਕੀਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਠਹਿਰਾਅ ਲਈ ਕੁਝ ਹੋਟਲ ਵੀ ਬੁੱਕ ਕੀਤੇ ਗਏ ਹਨ। ਕੁਝ ਵਿਦਿਅਕ ਅਦਾਰਿਆਂ ਦੀਆਂ ਇਮਾਰਤਾਂ ਵਿੱਚ ਵੀ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੌਕੇ ਪਹਿਲੀ ਵਾਰ ਅਟਾਰੀ ਸਰਹੱਦ, ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ  ਹਵਾਈ ਅੱਡਾ, ਰੇਲਵੇ ਸਟੇਸ਼ਨ, ਸ਼ਹੀਦ ਮਦਨ ਲਾਲ ਢੀਂਗਰਾ ਅੰਤਰਰਾਜੀ ਬੱਸ ਅੱਡਾ ਸਮੇਤ ਹੋਰ ਸਰਕਾਰੀ ਇਮਾਰਤਾਂ ’ਤੇ ਦੀਪਮਾਲਾ ਹੋਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਦਿਨ ਆਪਣੇ ਘਰਾਂ ਤੇ ਹੋਰ ਇਮਾਰਤਾਂ ’ਤੇ ਦੀਪਮਾਲਾ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਗੁਜਰਾਤ ਦੇ ਅਹਿਮਦ ਨਗਰ ਦੇ ਕੁਝ ਆਤਿਸ਼ਬਾਜ਼ਾਂ ਵੱਲੋਂ ਸੱਤ ਅਕਤੂਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦੂਸ਼ਣ ਰਹਿਤ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
ਗੁਰਪੁਰਬ ਮੌਕੇ ਆਸਟ੍ਰੇਲੀਆ ਅਤੇ ਅਮਰੀਕਾ ਤੋਂ ਰਾਗਾਂ ਵਿੱਚ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਕੁਝ ਜਥੇ ਵੀ ਇੱਥੇ ਪੁੱਜਣਗੇ। ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਰਾਗ ਦਰਬਾਰ ਵਿੱਚ ਕੌਮਾਂਤਰੀ ਪੱਧਰ ਦੇ ਰਾਗੀ ਗੁਰਬਾਣੀ ਦਾ ਕੀਰਤਨ ਵੱਖ-ਵੱਖ ਰਾਗਾਂ ਵਿੱਚ ਕਰਨਗੇ।