ਬਠਿੰਡਾ, 12 ਮਈ
ਦਮਦਮਾ ਸਾਹਿਬ ਦੀ ਗੁਰੂ ਕਾਸ਼ੀ ਯੂਨੀਵਰਸਿਟੀ ’ਚ ਦਲਿਤ ਬੱਚਿਆਂ ਦੇ ਵਜ਼ੀਫ਼ੇ ਜਾਰੀ ਕਰਨ ’ਚ 15.56 ਕਰੋੜ ਦਾ ਘਪਲਾ ਹੋਣ ਦੀ ਗੱਲ ਸਾਹਮਣੇ ਆਈ ਹੈ। ਅੰਦਰੂਨੀ ਪੜਤਾਲ ਸੰਸਥਾ (ਵਿੱਤ) ਦੇ ਡਿਪਟੀ ਕੰਟਰੋਲਰ ਬਠਿੰਡਾ ਨੇ ਅੱਜ ਮੁੱਖ ਦਫ਼ਤਰ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਜ਼ੀਫ਼ਿਆਂ ਦੀ ਆਡਿਟ ਰਿਪੋਰਟ ਪੇਸ਼ ਕੀਤੀ ਹੈ ਜਿਸ ਵਿੱਚ ਆਡਿਟ ਅਫ਼ਸਰਾਂ ਨੇ ਪੋਸਟ ਮੈਟਰਿਕ ਵਜ਼ੀਫ਼ਾ ਯੋਜਨਾ ਤਹਿਤ ’ਚ 15.56 ਕਰੋੜ ਜਾਰੀ ਹੋਣ ’ਚ ਊਣਤਾਈਆਂ ਅਤੇ ਬੇਨਿਯਮੀਆਂ ਹੋਣ ਦੀ ਰਿਪੋਰਟ ਦਿੱਤੀ ਹੈ। ਅੰਦਰੂਨੀ ਆਡਿਟ ਸੰਸਥਾ ਤਰਫ਼ੋਂ ਪੰਜਾਬ ਭਰ ’ਚ ਵਿੱਦਿਅਕ ਅਦਾਰਿਆਂ ਦੇ ਵਜ਼ੀਫ਼ਿਆਂ ਦਾ ਆਡਿਟ ਕੀਤਾ ਜਾ ਰਿਹਾ ਹੈ।
ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਆਡਿਟ ਰਿਪੋਰਟ ਅਨੁਸਾਰ ਗੁਰੂ ਕਾਸ਼ੀ ’ਵਰਸਿਟੀ ਦੇ ਸਾਲ 2013-14 ਤੋਂ 2016-17 ਤੱਕ ਦੇ ਦਲਿਤ ਬੱਚਿਆਂ ਦੇ ਵਜ਼ੀਫ਼ਿਆਂ ਦਾ ਵਿਸ਼ੇਸ਼ ਆਡਿਟ ਕੀਤਾ ਗਿਆ ਹੈ। ਇਨ੍ਹਾਂ ਚਾਰ ਵਰ੍ਹਿਆਂ ਦੌਰਾਨ ਇਸ ’ਵਰਸਿਟੀ ਦੇ 3956 ਦਲਿਤ ਵਿਦਿਆਰਥੀਆਂ ਦਾ 26.87 ਕਰੋੜ ਦਾ ਵਜ਼ੀਫ਼ਾ ਜਾਰੀ ਕੀਤਾ ਗਿਆ ਹੈ। ’ਵਰਸਿਟੀ ਨੂੰ ਤਿੰਨ ਅਪਰੈਲ 2014 ਤੋਂ 21 ਅਕਤੂਬਰ 2016 ਤੱਕ 6.57 ਕਰੋੜ ਦੀ ਰਾਸ਼ੀ ਵੀ ਪ੍ਰਾਪਤ ਹੋ ਚੁੱਕੀ ਹੈ। ਰਿਪੋਰਟ ਅਨੁਸਾਰ ’ਵਰਸਿਟੀ ’ਚ ਕੋਰਸ ਅੱਧ ਵਿਚਾਲੇ ਛੱਡਣ ਵਾਲੇ 1195 ਦਲਿਤ ਵਿਦਿਆਰਥੀਆਂ ਨੂੰ ਜਾਰੀ 7.62 ਕਰੋੜ ਰੁਪਏ ਦੀ ਰਾਸ਼ੀ ’ਤੇ ਉਂਗਲ ਉਠਾਈ ਗਈ ਹੈ ਜੋ ਨਿਯਮਾਂ ਅਨੁਸਾਰ ਵਜ਼ੀਫੇ ਦੇ ਹੱਕਦਾਰ ਨਹੀਂ ਸਨ। ਭਲਾਈ ਵਿਭਾਗ ਪੰਜਾਬ ਨੇ 27 ਸਤੰਬਰ 2017 ਦੇ ਪੱਤਰ ’ਚ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਵਿਦਿਆਰਥੀ ਅੱਧ ਵਿਚਾਲੇ ਕੋਰਸ ਛੱਡਦਾ ਹੈ ਤਾਂ ਉਸ ਨੂੰ ਵਜ਼ੀਫ਼ਾ ਰਾਸ਼ੀ ਵਾਪਸ ਕਰਨੀ ਪਵੇਗੀ।
ਰਿਪੋਰਟ ਮੁਤਾਬਕ ’ਵਰਸਿਟੀ ਨੇ ਚਾਰ ਵਰ੍ਹਿਆਂ ਦੌਰਾਨ 3689 ਦਲਿਤ ਵਿਦਿਆਰਥੀਆਂ ਦਾ 6.69 ਕਰੋੜ ਦਾ ਫੀਸਾਂ ਦਾ ਵੱਧ ਕਲੇਮ ਕੀਤਾ ਹੈ। ’ਵਰਸਿਟੀ ਦੇ ਰਜਿਸਟਰਾਰ ਨੇ ਕੋਰਸਾਂ ਦੀਆਂ ਫ਼ੀਸਾਂ ਦੀ ਸੂਚਨਾ ਆਡਿਟ ਅਫ਼ਸਰਾਂ ਨੂੰ ਦਿੱਤੀ ਪਰ ਹੋਰ ਕੋਈ ਸੂਚਨਾ ਮੁਹੱਈਆ ਨਹੀਂ ਕਰਾਈ। ਪੱਤਰ ਅਨੁਸਾਰ ਰਾਜ ਸਰਕਾਰ ਜਾਂ ਕੇਂਦਰ ਦੀ ਸਮਰੱਥ ਸੰਸਥਾ ਤੋਂ ਕੋਰਸਾਂ ਦੀਆਂ ਪ੍ਰਵਾਨਿਤ ਫ਼ੀਸਾਂ ਹੀ ਕਲੇਮ ਕੀਤੀਆਂ ਜਾ ਸਕਦੀਆਂ ਹਨ। ਆਡਿਟ ਅਨੁਸਾਰ ’ਵਰਸਿਟੀ ਨੇ ਸਮਰੱਥ ਸੰਸਥਾ ਤੋਂ ਪ੍ਰਵਾਨਿਤ ਕੋਰਸਾਂ ਦੀਆਂ ਫ਼ੀਸਾਂ ਤੋਂ ਵੱਧ ਫ਼ੀਸ ਦੇ ਕਲੇਮ ਕੀਤੇ ਗਏ ਹਨ। ’ਵਰਸਿਟੀ ਵੱਲੋਂ 5.23 ਲੱਖ ਰੁਪਏ ਦੀ ਜਾਰੀ ਵਜ਼ੀਫ਼ਾ ਰਾਸ਼ੀ ’ਤੇ ਵੀ ਉਂਗਲ ਉਠਾਈ ਹੈ ਕਿਉਂਕਿ ਇਨ੍ਹਾਂ ਦਲਿਤ ਬੱਚਿਆਂ ਦੇ ਫਾਰਮਾਂ ਦੇ ਨਾਲ ਐੱਸਸੀ ਸਰਟੀਫਿਕੇਟ ਹੀ ਨਹੀਂ ਸਨ। ਇਸੇ ਤਰ੍ਹਾਂ 9.68 ਲੱਖ ਦੀ ਜਾਰੀ ਵਜ਼ੀਫ਼ਾ ਰਾਸ਼ੀ ਦੇ ਫਾਰਮਾਂ ਨਾਲ ਵਿਦਿਆਰਥੀਆਂ ਦੇ ਮਾਪਿਆਂ ਦੇ ਆਮਦਨ ਸਰਟੀਫਿਕੇਟ ਹੀ ਨਹੀਂ ਸਨ। 16 ਬੱਚਿਆਂ ਦੇ ਵਜ਼ੀਫ਼ਾ ਰਾਸ਼ੀ ਦੇ ਫਾਰਮਾਂ ’ਤੇ ਵਿਦਿਆਰਥੀਆਂ ਦੇ ਦਸਤਖ਼ਤ ਹੀ ਨਹੀਂ ਸਨ ਜਿਨ੍ਹਾਂ ਨੂੰ 6.14 ਲੱਖ ਦਾ ਵਜ਼ੀਫ਼ਾ ਜਾਰੀ ਕੀਤਾ ਗਿਆ ਹੈ।
ਇਵੇਂ ਹੀ 76.71 ਲੱਖ ਦੀ ਜਾਰੀ ਵਜ਼ੀਫ਼ਾ ਰਾਸ਼ੀ ਦਾ ਇਸ ਕਰਕੇ ਨਿਬੇੜਾ ਨਹੀਂ ਹੋ ਸਕਿਆ ਕਿਉਂਕਿ ਕੋਰਸਾਂ ਦੀ ਪ੍ਰਵਾਨਿਤ ਫੀਸ ਬਾਰੇ ਪਤਾ ਨਹੀਂ ਲੱਗ ਸਕਿਆ। ਆਡਿਟ ਸੰਸਥਾ ਦੇ ਡਿਪਟੀ ਕੰਟਰੋਲਰ ਕ੍ਰਿਸ਼ਨ ਚੰਦ ਗੋਇਲ ਨੇ ਇੰਨੀ ਹੀ ਪੁਸ਼ਟੀ ਕੀਤੀ ਕਿ ਉਨ੍ਹਾਂ ਵਧੀਕ ਡਾਇਰੈਕਟਰ ਨੂੰ ਰਿਪੋਰਟ ਦੇ ਦਿੱਤੀ ਹੈ।
ਅਫ਼ਸਰਾਂ ਦੀ ਰਿਪੋਰਟ ਇੱਕਪਾਸੜ: ਵਾਈਸ ਚਾਂਸਲਰ
ਗੁਰੂ ਕਾਸ਼ੀ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਬੀਐੱਸ ਧਾਲੀਵਾਲ ਅਤੇ ’ਵਰਸਿਟੀ ਦੇ ਨੋਡਲ ਅਫ਼ਸਰ ਅਸ਼ਵਨੀ ਸੇਠੀ ਦਾ ਕਹਿਣਾ ਸੀ ਕਿ ਆਡਿਟ ਸੰਸਥਾ ਨੇ ਬਿਨਾਂ ਪੱਖ ਜਾਣੇ ਇੱਕ ਪਾਸੜ ਰਿਪੋਰਟ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜੋ ਵਿਦਿਆਰਥੀ ਕੋਰਸ ਵਿਚਾਲੇ ਛੱਡ ਕੇ ਗਏ ਹਨ, ਉਸ ’ਚ ਵਰਸਿਟੀ ਦਾ ਕੀ ਕਸੂਰ। ਜਨਰਲ ਵਰਗ ਦੇ ਡਰਾਪ ਆਊਟ ਵਿਦਿਆਰਥੀ ਜਦੋਂ ਫ਼ੀਸ ਵਾਪਸ ਨਹੀਂ ਕਰਦੇ ਤਾਂ ਦਲਿਤ ਬੱਚਿਆਂ ਤੋਂ ਕਿਵੇਂ ਸੰਭਵ ਹੈ। ਇਵੇਂ ’ਵਰਸਿਟੀ ਦਾ ਬਾਕੀ ਵਰਸਿਟੀਆਂ ਦੀ ਤਰ੍ਹਾਂ ਫੀਸ ਢਾਂਚਾ ਨੋਟੀਫਾਈਡ ਹੈ। ਕੋਈ ਵਾਧੂ ਫੀਸ ਵਸੂਲ ਨਹੀਂ ਕੀਤੀ ਹੈ। ’ਵਰਸਿਟੀ ਦਾ ਕਰੋੜਾਂ ਰੁਪਏ ਦਾ ਵਜ਼ੀਫ਼ਾ ਤਾਂ ਹਾਲੇ ਸਰਕਾਰ ਕੋਲ ਪਿਆ ਹੈ।