ਅਟਾਰੀ,3 ਨਵੰਬਰ
ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ 548ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਅੱਜ ਭਾਰਤ ਤੋਂ ਲਗਭਗ 2400 ਸਿੱਖ ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਦੀ ਅਗਵਾਈ ਹੇਠ ਭਾਰਤ ਦੇ ਕੌਮਾਂਤਰੀ ਰੇਲਵੇ ਸਟੇਸ਼ਨ ਅਟਾਰੀ ਤੋਂ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ। ਰੇਲਵੇ ਸਟੇਸ਼ਨ ਅਟਾਰੀ ਤੋਂ ਪਹਿਲੀ ਵਿਸ਼ੇਸ਼ ਰੇਲ ਗੱਡੀ ਸਵੇਰੇ 11:50 ਵਜੇ ਕਰੀਬ 1200 ਸ਼ਰਧਾਲੂ ਲੈ ਕੇ ਪਾਕਿਸਤਾਨ ਗਈ।
ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਏ ਸਿੱਖ ਜਥੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਦਿੱਲੀ (ਸਰਨਾ), ਖਾਲੜਾ ਮਿਸ਼ਨ ਕਮੇਟੀ, ਨਨਕਾਣਾ ਸਾਹਿਬ ਸਿੱਖ ਯਾਤਰੀ ਜਥਾ, ਕਾਰ ਸੇਵਾ ਸੰਪਰਦਾ ਖਡੂਰ ਸਾਹਿਬ, ਕਾਰਸੇਵਾ ਸੰਪਰਦਾ ਗੁਰੂ ਕਾ ਬਾਗ਼, ਹਰਿਆਣਾ ਤੇ ਜੰਮੂ ਦੀ ਸਿੱਖ ਸੰਗਤ ਅਤੇ ਉਤਰਾਖੰਡ ਦੇ ਸਿੱਖ ਸ਼ਰਧਾਲੂ ਸ਼ਾਮਲ ਸਨ।
ਅਟਾਰੀ ਰੇਲਵੇ ਸਟੇਸ਼ਨ ’ਤੇ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਮੀਤ ਸਿੰਘ ਬੂਹ ਅਤੇ ਬਲਵਿੰਦਰ ਸਿੰਘ ਝਬਾਲ ਨੇ ਦੱਸਿਆ ਕਿ ਸਿੱਖ ਸ਼ਰਧਾਲੂਆਂ ਦਾ ਜਥਾ ਵਾਹਗਾ ਰੇਲਵੇ ਸਟੇਸ਼ਨ ਤੋਂ ਹੁੰਦਾ ਹੋਇਆ ਲਾਹੌਰ ਤੋਂ ਸਿੱਧਾ ਨਨਕਾਣਾ ਸਾਹਿਬ ਪੁੱਜੇਗਾ। 3 ਨਵੰਬਰ ਨੂੰ ਜਥਾ ਗੁਰਦੁਆਰਾ ਸੱਚਾ ਸੌਦਾ ਮੰਡੀ ਚੂਹੜਕਾਣਾ ਦੇ ਦਰਸ਼ਨ ਕਰੇਗਾ ਅਤੇ 4 ਨਵੰਬਰ ਨੂੰ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਇਸ ਮਗਰੋਂ ਜਥਾ 5 ਨਵੰਬਰ ਦੀ ਰਾਤ ਨੂੰ ਨਨਕਾਣਾ ਸਾਹਿਬ ਤੋਂ  ਗੁਰਦੁਆਰਾ ਪੰਜਾ ਸਾਹਿਬ (ਹਸਨ ਅਬਦਾਲ) ਲਈ ਰਵਾਨਾ ਹੋਵੇਗਾ ਅਤੇ 6 ਨਵੰਬਰ ਨੂੰ ਪੰਜਾ ਸਾਹਿਬ ਪੁੱਜੇਗਾ। 7 ਨਵੰਬਰ ਨੂੰ ਸਿੱਖ ਜਥਾ ਪੰਜਾ ਸਾਹਿਬ ਤੋਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਲਈ ਰਵਾਨਾ ਹੋਵੇਗਾ ਅਤੇ 8 ਨਵੰਬਰ ਨੂੰ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਪੁੱਜੇਗਾ। 7 ਨਵੰਬਰ ਨੂੰ ਜਥਾ ਇੱਥੋਂ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਅਤੇ ਕਰਤਾਰਪੁਰ ਸਾਹਿਬ ਨਾਰੋਵਾਲ ਦੇ ਦਰਸ਼ਨ ਕਰਨ ਮਗਰੋਂ ਲਾਹੌਰ ਪਰਤੇਗਾ। 10 ਨਵੰਬਰ ਨੂੰ ਲਾਹੌਰ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਮਗਰੋਂ 11 ਨਵੰਬਰ ਨੂੰ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਲਾਹੌਰ ਤੋਂ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਵਤਨ ਪਰਤੇਗਾ।
ਖਾਲੜਾ ਮਿਸ਼ਨ ਕਮੇਟੀ ਵੱਲੋਂ ਪਾਰਟੀ ਲੀਡਰ ਬਲਵਿੰਦਰ ਸਿੰਘ ਝਬਾਲ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਪਾਕਿਸਤਾਨ ਸਫ਼ਾਰਤਖਾਨੇ ਵੱਲੋਂ ਵੀਜ਼ੇ ਲੇਟ ਦੇਣ ਕਾਰਨ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਪਾਰਟੀ ਲੀਡਰ ਸੰਤਾ ਸਿੰਘ ਨੇ ਕਿਹਾ ਕਿ 4 ਨਵੰਬਰ ਨੂੰ ਗੁਰਪੁਰਬ ਮੌਕੇ ਪਾਕਿਸਤਾਨ ਸਰਕਾਰ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਔਕਾਫ ਬੋਰਡ ਤੋਂ ਮੰਗ ਕੀਤੀ ਜਾਵੇਗੀ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ ਦਸ ਹਜ਼ਾਰ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਜਾਣ। ਜਥੇਦਾਰ ਬਲਵਿੰਦਰ ਸਿੰਘ ਕਾਰਸੇਵਾ ਸੰਪਰਦਾ ਖਡੂਰ ਸਾਹਿਬ ਨੇ ਦੱਸਿਆ ਕਿ ਸੇਵਾਦਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਤੰਬੂ ਸਾਹਿਬ ਵਿਖੇ ਲੰਗਰ ਲਾਇਆ ਜਾਵੇਗਾ। ਇਸੇ ਤਰ੍ਹਾਂ ਗੁਰਦੁਆਰਾ ਬਾਲ ਲੀਲਾ ਸਾਹਿਬ ਵਿਖੇ ਬਾਬਾ ਸਤਨਾਮ ਸਿੰਘ ਕਾਰ ਸੇਵਾ ਸੰਪਰਦਾ ਗੁਰੂ ਕਾ ਬਾਗ਼ ਦੀ ਅਗਵਾਈ ਹੇਠ ਲੰਗਰ ਲਾਇਆ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਡਿਪਟੀ ਪਾਰਟੀ ਲੀਡਰ ਅਰਵਿੰਦਰ ਸਿੰਘ ਖ਼ਾਲਸਾ (ਸ਼੍ਰੋਮਣੀ ਕਮੇਟੀ ਮੈਂਬਰ ਅਮਲੋਹ), ਡਿਪਟੀ ਪਾਰਟੀ ਲੀਡਰ ਦਵਿੰਦਰ ਕੌਰ ਕਾਲਵਾਂ (ਸ਼੍ਰੋਮਣੀ ਕਮੇਟੀ ਮੈਂਬਰ ਆਦਮਪੁਰ), ਅਕਾਲੀ ਦਲ ਦਿੱਲੀ (ਸਰਨਾ) ਦੇ ਆਗੂ ਪ੍ਰੀਤਮ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਦਰਜੀਤ ਸਿੰਘ, ਜਗਦੇਵ ਸਿੰਘ, ਨਨਕਾਣਾ ਸਾਹਿਬ ਸਿੱਖ ਯਾਤਰੀ ਜਥਾ ਦੇ ਪ੍ਰਧਾਨ ਸਵਰਨ ਸਿੰਘ ਗਿੱਲ, ਕਾਰ ਸੇਵਾ ਸੰਪਰਦਾ ਗੁਰੂ ਕਾ ਬਾਗ਼ ਦੇ ਮੁਖੀ ਬਾਬਾ ਸਤਨਾਮ ਸਿੰਘ ਤੇ ਕਾਰਸੇਵਾ ਸੰਪਰਦਾ ਖਡੂਰ ਸਾਹਿਬ ਦੇ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਹਾਜ਼ਰ ਸਨ।