ਅੰਮ੍ਰਿਤਸਰ, 29 ਦਸੰਬਰ
ਪੰਜਾਬ ਸਰਕਾਰ ਵੱਲੋਂ ਸੂਬਾਈ ਛੁੱਟੀਆਂ ਵਿੱਚ ਕਟੌਤੀ ਕਰਦਿਆਂ ਖਾਲਸਾ ਸਾਜਨਾ ਦਿਵਸ (ਵਿਸਾਖੀ), ਸ੍ਰੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ  ਪੁਰਬ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਆਦਿ ਨੂੰ ਖ਼ਤਮ ਕਰਕੇ ਰਾਖਵੀਆਂ ਛੁੱਟੀਆਂ ਵਿਚ ਸ਼ਾਮਲ ਕਰਨ ਦੀ ਸਿੱਖ ਭਾਈਚਾਰੇ ਵਲੋਂ ਸਖ਼ਤ ਨਿਖੇਧੀ ਕੀਤੀ ਗਈ। ਭਾਈਚਾਰੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਵਿਸ਼ੇ ’ਤੇ ਮੁੜ ਵਿਚਾਰ ਕਰਨ ਦਾ ਸੁਝਾਅ ਦਿੱਤਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਇਨ੍ਹਾਂ ਛੁੱਟੀਆਂ ਨੂੰ ਮੁੜ ਗਜ਼ਟਿਡ ਛੁੱਟੀਆਂ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਗੁਰਸਿੱਖ ਪਰਿਵਾਰ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ਦਿਹਾੜਿਆਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਹੈ। ਗੁਰਪੁਰਬ ਅਤੇ ਸ਼ਹੀਦੀ ਪੁਰਬ ਨਾਲ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਇਸ ਲਈ ਸਰਕਾਰ ਨੂੰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਸੀ। ਉਨ੍ਹਾਂ ਦੀ ਕੁਰਬਾਨੀ ਦਾ ਸਾਰਾ ਦੇਸ਼ ਰਿਣੀ ਹੈ। ਇਸ ਲਈ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਪੁਰਬ ਦੀ ਛੁੱਟੀ ਕੌਮੀ ਪੱਧਰ ‘ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿੱਖ ਭਾਵਨਾਵਾਂ ਨੂੰ ਧਿਆਨ ਵਿਚ ਰੱਖਣ ਅਤੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਵਿਸਾਖੀ ਖਾਲਸਾ ਪੰਥ  ਦਾ ਸਿਰਜਣਾ ਦਿਵਸ ਵੀ ਹੈ, ਜਿਸ ਨੂੰ ਦੇਸ਼ ਵਿਦੇਸ਼ ਵਿਚ ਸਿੱਖ ਭਾਈਚਾਰੇ ਵਲੋਂ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿਚ ਇਸ ਦੀ ਪ੍ਰਵਾਨਿਤ ਛੁੱਟੀ ਸੀ, ਜਿਸ ਨੂੰ ਬੰਦ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਇਸ ਮਾਮਲੇ ਵਿਚ ਵੱਖ ਵੱਖ ਮੁਲਕਾਂ ਦੀ ਮਿਸਾਲ ਦਿੰਦਿਆਂ ਆਖਿਆ ਕਿ ਕੈਨੇਡਾ ਦੀ ਸੰਸਦ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਦੀ ਪਹਿਲ ਕੀਤੀ ਗਈ ਹੈ। ਹੋਰ ਵੀ ਕਈ ਮੁਲਕਾਂ ਵਿਚ ਇਸ ਨੂੰ ਸਿਖ ਡੇਅ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ  ਗੁਰੂ ਤੇਗ ਬਹਾਦਰ ਨੇ ਆਪਣਾ ਸੀਸ ਦੇ ਕੇ ਧਰਮ ਤਬਦੀਲੀ ਨੂੰ ਰੋਕਿਆ ਸੀ। ਇਸ ਸ਼ਹੀਦੀ ਦਿਹਾੜੇ ਦੀ ਰਾਖਵੀਂ ਛੁੱਟੀ ਸਮੇਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੁਰਬ ਅਤੇ ਗੁਰੂ ਰਾਮਦਾਸ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਨੂੰ ਗਜ਼ਟਿਡ ਛੁੱਟੀ ਵਿਚ ਤਬਦੀਲ ਕੀਤਾ ਜਾਵੇ।