ਚੰਡੀਗੜ੍ਹ, 13 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਘੱਟ ਮਤਦਾਨ ਦਾ ਕਾਰਨ ਕਾਂਗਰਸ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਅਕਾਲੀ-ਭਾਜਪਾ ਵਰਕਰਾਂ ਨੂੰ ਡਰਾਏ-ਧਮਕਾਏ ਜਾਣ ਦਾ ਨਤੀਜਾ ਹੈ। ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਸਾਰੇ ਤੌਖ਼ਲੇ ਸੱਚ ਸਾਬਤ ਹੋ ਗਏ ਹਨ। ਚੋਣ ਕਮਿਸ਼ਨ ਦੇ ਪਹਿਲਾਂ ਹੀ ਧਿਆਨ ’ਚ ਲਿਆਂਦਾ ਗਿਆ ਸੀ ਕਿ ਸਰਕਾਰ ਨੇ ਅਕਾਲੀ-ਭਾਜਪਾ ਦੇ ਪੰਚਾਂ, ਸਰਪੰਚਾਂ ਅਤੇ ਮਿਉਂਸਿਪਲ ਕੌਂਸਲਰਾਂ ਨੂੰ ਇਸ ਚੋਣ ਪ੍ਰਕਿਰਿਆ ਵਿੱਚ ਭਾਗ ਲੈਣ ਤੋਂ ਰੋਕਣ ਲਈ ਡਰਾਉਣ-ਧਮਕਾਉਣ ਲਈ ਸਿਵਲ ਅਤੇ ਪੁਲੀਸ ਅਧਿਕਾਰੀਆਂ ਦੀ ਡਿਊਟੀ ਲਾ ਦਿੱਤੀ ਹੈ। ਡਾ. ਚੀਮਾ ਨੇ ਕਿਹਾ ਕਿ ਵੋਟਾਂ ਵਾਲੇ ਦਿਨ ਵੀ ਪਿੰਡਾਂ ਵਿੱਚ ਅਕਾਲੀ-ਭਾਜਪਾ ਸਮਰਥਕਾਂ ਨੂੰ ਧਮਕਾਇਆ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਹ ਘਰਾਂ ਤੋਂ ਬਾਹਰ ਨਿਕਲੇ ਤਾਂ ਮਾੜਾ ਹਸ਼ਰ ਹੋਵੇਗਾ। ਬਹੁਤ ਸਾਰੀਆਂ ਥਾਵਾਂ ਉੱਤੇ ਅਕਾਲੀ ਦਲ  ਦੇ ਪੋਲਿੰਗ ਏਜੰਟਾਂ ਨਾਲ ਧੱਕਾਮੁੱਕੀ ਕੀਤੀ ਗਈ। ਅਕਾਲੀ ਆਗੂ ਨੇ ਕਿਹਾ ਕਿ ਜੇਕਰ ਹਿੰਸਾ ਦਾ ਖ਼ਦਸ਼ਾ ਨਾ ਹੁੰਦਾ ਤਾ ਮਤਦਾਨ 80 ਫੀਸਦੀ ਤੋਂ ਵੱਧ ਹੋਣਾ ਸੀ।