ਅੰਮ੍ਰਿਤਸਰ, 3 ਨਵੰਬਰ
ਭਾਰਤ ਸਰਕਾਰ ਵੱਲੋਂ ਭੁੱਜ ਜੇਲ੍ਹ ਵਿੱਚੋਂ ਰਿਹਾਅ ਕੀਤੇ ਪਾਕਿਸਤਾਨ ਦੇ 9 ਮਛੇਰੇ, ਦੋ ਸਿਵਲ ਕੈਦੀ, ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਇਕ ਬੱਚੀ ਹਿਨਾ ਅਤੇ ਦੋ ਔਰਤਾਂ ਅੱਜ ਅਟਾਰੀ-ਵਾਹਗਾ ਸਰਹੱਦ ਰਸਤੇ ਵਤਨ ਪਰਤ ਗਈਆਂ ਹਨ। ਅਟਾਰੀ-ਵਾਹਗਾ ਸਰਹੱਦ ’ਤੇ ਪਾਕਿਸਤਾਨੀ ਮੂਲ ਦੇ ਮਛੇਰਿਆਂ ਅਤੇ ਆਮ ਕੈਦੀਆਂ ਨੂੰ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡੈਂਟ ਨਿਰਮਲ ਜੀਤ ਸਿੰਘ ਨੇ ਪਾਕਿਸਤਾਨ ਰੇਂਜਰਜ਼ ਦੇ ਡਿਪਟੀ ਸੁਪਰਡੈਂਟ ਮੁਹੰਮਦ ਫ਼ੈਜ਼ਲ ਹਵਾਲੇ ਕੀਤਾ।
ਅੰਮ੍ਰਿਤਸਰ ਜੇਲ੍ਹ ’ਚੋਂ ਆਪਣੀ ਮਾਂ ਅਤੇ ਮਾਸੀ ਨਾਲ ਰਿਹਾਅ ਹੋਈ ਗਿਆਰਾਂ ਸਾਲਾ ਹਿਨਾ ਦਾ ਜਨਮ ਜੇਲ੍ਹ ਵਿੱਚ ਹੀ ਹੋਇਆ ਸੀ। ਉਹ ਅੱਜ ਸਰਹੱਦ ਪਾਰ ਪੁੱਜਣ ’ਤੇ ਪਹਿਲੀ ਵਾਰ ਆਪਣੇ ਪਿਤਾ ਸੈਫ਼-ਉੱਲ ਰਹਿਮਾਨ ਨੂੰ ਮਿਲੀ ਹੈ। ਉਹ ਪਾਕਿਸਤਾਨ ਵਿੱਚ ਰਹਿੰਦੇ ਆਪਣੇ ਭੈਣ-ਭਰਾਵਾਂ ਨੂੰ ਵੀ ਪਹਿਲੀ ਦਫ਼ਾ ਮਿਲੇਗੀ। ਹਿਨਾ ਦੇ ਨਾਲ ਉਸ ਦੀ ਮਾਂ ਫਾਤਿਮਾ ਅਤੇ ਮਾਸੀ ਮੁਮਤਾਜ਼ ਵੀ ਰਿਹਾਅ ਹੋਣ ਮਗਰੋਂ ਮੁਲਕ ਪਰਤ ਗਈਆਂ ਹਨ। ਗ਼ੌਰਤਲਬ ਹੈ ਕਿ ਫਾਤਿਮਾ ਅਤੇ ਮੁਮਤਾਜ ਸਮੇਤ ਇਨ੍ਹਾਂ ਦੀ ਮਾਂ ਰਸ਼ੀਦਾ ਬੀਬੀ ਨੂੰ 8 ਮਈ 2006 ਨੂੰ ਸਮਝੌਤਾ ਐਕਸਪ੍ਰੈੱਸ ਰਾਹੀਂ ਲਾਹੌਰ ਤੋਂ ਭਾਰਤ ਆਉਣ ਸਮੇਂ ਨਸ਼ਿਆਂ ਦੀ ਤਸਕਰੀ ਦੇ ਦੋਸ਼ ਹੇਠ ਅਟਾਰੀ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਫਾਤਿਮਾ ਗਰਭਵਤੀ ਸੀ। ਅਦਾਲਤ ਵੱਲੋਂ ਇਨ੍ਹਾਂ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸੇ ਦੌਰਾਨ ਹੀ ਹਿਨਾ ਦਾ ਜਨਮ ਹੋਇਆ ਸੀ, ਜਦੋਂਕਿ ਰਸ਼ੀਦਾ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ। ਫਾਤਿਮਾ ਨੇ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਕੀਲ ਨਵਜੋਤ ਕੌਰ ਚੱਬਾ ਦਾ ਧੰਨਵਾਦ ਕੀਤਾ।
ਇਸ ਮੌਕੇ ਪਾਕਿਸਤਾਨੀ ਮਛੇਰੇ ਸ਼ੌਕਤ, ਅਲੀ ਮੁਹੰਮਦ ਤੇ ਇਬਰਾਹਿਮ ਨੇ ਦੱਸਿਆ ਕਿ ਉਹ ਸਾਥੀਆਂ ਨਾਲ ਅਰਬ ਸਾਗਰ ਵਿੱਚੋਂ ਮੱਛੀਆਂ ਫੜ ਰਹੇ ਸਨ ਕਿ ਅਚਾਨਕ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਕਾਰਨ ਉਨ੍ਹਾਂ ਨੂੰ ਭਾਰਤੀ ਜਲ ਸੈਨਿਕਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ।