ਅੰਮ੍ਰਿਤਸਰ, ਅਕਾਲ ਤਖ਼ਤ ਸਾਹਿਬ ਦੇ ਨਵੇਂ ਕਾਰਜਕਾਰੀ ਜਥੇਦਾਰ ਵਜੋਂ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ ਸੰਭਾਲ ਰਸਮ ਮੌਕੇ ਮੰਗਲਵਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ ਇਕ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਗੁਰਬਾਣੀ ਕੀਰਤਨ, ਅਰਦਾਸ ਅਤੇ ਹੁਕਮਨਾਮਾ ਲੈਣ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਲੋਂ ਦਸਤਾਰ ਦੇ ਕੇ ਉਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਕਮੇਟੀ, ਟਕਸਾਲਾਂ, ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ ਵਲੋਂ ਵੀ ਉਨ੍ਹਾਂ ਨੂੰ ਦਸਤਾਰ ਸੌਂਪ ਕੇ ਪ੍ਰਵਾਨਗੀ ਦਿੱਤੀ ਜਾਵੇਗੀ। ਸਿੱਖ ਮਾਹਿਰਾਂ ਮੁਤਾਬਕ ਜਥੇਦਾਰ ਦੇ ਅਹੁਦੇ ਦੀ ਡਿੱਗੀ ਸਾਖ਼ ਨੂੰ ਮੁੜ ਸੁਰਜੀਤ ਕਰਨਾ ਉਨ੍ਹਾਂ ਲਈ ਮੁੱਖ ਚੁਣੌਤੀ ਸਾਬਿਤ ਹੋਵੇਗੀ। ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਵਜੋਂ ਅਸਤੀਫ਼ਾ ਦੇ ਗਏ ਗਿਆਨੀ ਗੁਰਬਚਨ ਸਿੰਘ ਦੀ ਥਾਂ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਇਸ ਵੇਲੇ ਉਹ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਹਨ ਅਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਵਜੋਂ ਉਨ੍ਹਾਂ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਹਾਕੇ ਦੌਰਾਨ ਅਕਾਲ ਤਖ਼ਤ ਤੋਂ ਕੁਝ ਮੁੱਦਿਆਂ ਬਾਰੇ ਆਏ ਫ਼ੈਸਲੇ ਸਰਵ ਪ੍ਰਵਾਨਿਤ ਸਾਬਿਤ ਨਹੀਂ ਹੋਏ। ਇਨ੍ਹਾਂ ਫ਼ੈਸਲਿਆਂ ’ਤੇ ਕਿੰਤੂ ਹੋਣਾ ਵੀ ਜਥੇਦਾਰ ਦੇ ਅਹੁਦੇ ਦੀ ਸਾਖ਼ ਨੂੰ ਕਾਫ਼ੀ ਢਾਹ ਲਾ ਗਿਆ ਹੈ। ਅਜਿਹੇ ਫ਼ੈਸਲਿਆਂ ਵਿਚ ਨਾਨਕਸ਼ਾਹੀ ਕੈਲੰਡਰ ਨੂੰ ਸੋਧ ਕੇ ਮੁੜ ਬਿਕਰਮੀ ਕੈਲੰਡਰ ਬਣਾਉਣ ਅਤੇ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣਾ ਜ਼ਿਕਰਯੋਗ ਹਨ। ਅਕਾਲ ਤਖ਼ਤ ਵਲੋਂ ਪ੍ਰਵਾਨਿਤ ਰਹਿਤ ਮਰਿਆਦਾ ਨੂੰ ਇਕਸਾਰ ਲਾਗੂ ਕਰਨਾ, ਸਰਵ ਪ੍ਰਵਾਨਿਤ ਫ਼ੈਸਲੇ ਲੈਣਾ ਤੇ ਮੁਤਵਾਜ਼ੀ ਜਥੇਦਾਰਾਂ ਦੇ ਹੁੰਦਿਆਂ ਮੁੜ ਅਕਾਲ ਤਖ਼ਤ ਨੂੰ ਪਹਿਲਾਂ ਵਾਲੀ ਥਾਂ ਕਾਇਮ ਕਰਨਾ ਕਾਰਜਕਾਰੀ ਜਥੇਦਾਰ ਲਈ ਵੱਡੀਆਂ ਚੁਣੌਤੀਆਂ ਹੋਣਗੀਆਂ। ਸਿੱਖ ਸੰਗਤ ਤੇ ਜਥੇਬੰਦੀਆਂ ਵੀ ਨਵੇਂ ਜਥੇਦਾਰ ਵਿਚ ਇਕ ‘ਨਾਇਕ’ ਤਲਾਸ਼ ਰਹੀਆਂ ਹਨ। ਅਕਾਲ ਤਖ਼ਤ ਸਾਹਿਬ ਦੇ ਲੰਮਾ ਸਮਾਂ ਹੈੱਡ ਗ੍ਰੰਥੀ ਰਹੇ ਅਤੇ ਕਈ ਜਥੇਦਾਰਾਂ ਨਾਲ ਸੇਵਾ ਨਿਭਾਅ ਚੁੱਕੇ ਗਿਆਨੀ ਭਗਵਾਨ ਸਿੰਘ ਨੇ ਕਿਹਾ ਕਿ 1984 ਤੋਂ ਬਾਅਦ ਖ਼ਾਸ ਕਰਕੇ ਅਕਾਲ ਤਖ਼ਤ ਦੇ ਸਿਧਾਂਤਾਂ ਅਤੇ ਰਵਾਇਤਾਂ ਨੂੰ ਢਾਹ ਲੱਗੀ ਹੈ। ਉਨ੍ਹਾਂ ਗਿਆਨੀ ਸਾਧੂ ਸਿੰਘ ਭੋਰਾ ਅਤੇ ਗੁਰਦਿਆਲ ਸਿੰਘ ਅਜਨੋਹਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਸਨ। ਉਨ੍ਹਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਨੂੰ ਪਹਿਲਾਂ ਹੀ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ। ਗਿਆਨੀ ਭਗਵਾਨ ਸਿੰਘ ਨੇ ਕਿਹਾ ਕਿ ਹੁਣ ਡਿੱਗੀ ਸਾਖ਼ ਬਹਾਲ ਕਰਨ ਵਿਚ ਸਮਾਂ ਲੱਗੇਗਾ। ਉੁਨ੍ਹਾਂ ਉਮੀਦ ਪ੍ਰਗਟਾਈ ਕਿ ਗਿਆਨੀ ਹਰਪ੍ਰੀਤ ਸਿੰਘ ਉੱਚ ਸਿੱਖਿਆ ਪ੍ਰਾਪਤ ਵਿਦਵਾਨ ਹਨ ਤੇ ਉਹ ਇਸ ਚੁਣੌਤੀ ਨੂੰ ਸਫ਼ਲਤਾ ਨਾਲ ਸਰ ਕਰਨਗੇ। ਸਿੱਖ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਵੀ ਸਿਆਸੀ ਦਖ਼ਲਅੰਦਾਜ਼ੀ ਬੰਦ ਕਰਨ ਦੀ ਗੱਲ ਕੀਤੀ। ਅਕਾਲ ਤਖ਼ਤ ਦੇ ਨਵ ਨਿਯੁਕਤ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੇਵਾ ਸੰਭਾਲ ਸਮਾਗਮ ਤੋਂ ਬਾਅਦ ਸਿੱਖ ਵਿਦਵਾਨਾਂ ਦੀ ਇਕ ਮੀਟਿੰਗ ਸੱਦੀ ਜਾਵੇਗੀ। ਇਸ ਮੌਕੇ ਮੌਜੂਦਾ ਹਾਲਤਾਂ ਅਤੇ ਚੁਣੌਤੀਆਂ ਬਾਰੇ ਵਿਚਾਰ-ਚਰਚਾ ਕਰਕੇ ਵਿਦਵਾਨਾਂ ਦੀ ਰਾਇ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਭਾਵਨਾਵਾਂ ਮੁਤਾਬਕ ਹੀ ਕਾਰਜ ਕੀਤਾ ਜਾਵੇਗਾ।

‘ਸਿਆਸੀ ਦਖ਼ਲਅੰਦਾਜ਼ੀ’ ਤੋਂ ਅਕਾਲ ਤਖ਼ਤ ਨੂੰ ਦੂਰ ਕਰਨਾ ਜ਼ਰੂਰੀ: ਗਿਆਨੀ ਕੇਵਲ ਸਿੰਘ

ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ’ਤੇ ਸੇਵਾ ਨਿਭਾਉਣ ਵਾਲੇ ਨੂੰ ਇਹ ਸਾਬਿਤ ਕਰਨਾ ਹੋਵੇਗਾ ਕਿ ਉਹ ਸਿੱਖ ਕੌਮ ਦਾ ਸੇਵਾਦਾਰ ਹੈ, ਨਾ ਕਿ ਕਿਸੇ ਧੜੇ ਜਾਂ ਜਥੇਬੰਦੀ ਦਾ। ਉਸ ਨੂੰ ਨਿਰਪੱਖ ਹੋ ਕੇ ਸਿੱਖ ਸੰਗਤ ਦੇ ਹਿੱਤਾਂ ਵਾਸਤੇ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਿਆਸੀ ਦਖ਼ਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਗਿਆਨੀ ਕੇਵਲ ਸਿੰਘ ਨੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ, ਕਾਰਜ ਖੇਤਰ ਆਦਿ ਬਾਰੇ ਸੇਵਾ ਨਿਯਮ ਬਣਾਉਣ ਦਾ ਵੀ ਸੁਝਾਅ ਦਿੱਤਾ ਹੈ। ਸਾਬਕਾ ਜਥੇਦਾਰ ਨੇ ਮੰਨਿਆ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਵੀ ਸਿਆਸੀ ਦਖ਼ਲਅੰਦਾਜ਼ੀ ਹੁੰਦੀ ਰਹੀ ਹੈ, ਪਰ ਹੁਣ ਇਹ ਹੱਦਾਂ-ਬੰਨ੍ਹੇ ਟੱਪ ਗਈ ਹੈ।