ਅੰਮ੍ਰਿਤਸਰ, ਮੁਤਵਾਜ਼ੀ ਜਥੇਦਾਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਬਰਾਬਰ ਸੰਦੇਸ਼, ਆਦੇਸ਼ ਤੇ ਹੁਕਮਨਾਮੇ ਜਾਰੀ ਕਰਨ ਨਾਲ ਪੈਦਾ ਹੋ ਰਹੀ ਵਿਵਾਦ ਵਾਲੀ ਸਥਿਤੀ ‘ਤੇ ਚਿੰਤਾ ਪ੍ਰਗਟ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਜੇ ਬੰਦੀ ਛੋੜ ਦਿਵਸ (ਦੀਵਾਲੀ) ਮੌਕੇ ਸੰਦੇਸ਼ ਜਾਰੀ ਕਰਨ ਦੇ ਮੁੱਦੇ ਨੂੰ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਸ਼ਾਂਤੀ ਭੰਗ ਹੋਈ ਤਾਂ ਇਸ ਲਈ ਸ਼੍ਰੋਮਣੀ ਕਮੇਟੀ ਅਤੇ ਸੂਬਾ ਸਰਕਾਰ ਜ਼ਿੰਮੇਵਾਰ ਹੋਣਗੀਆਂ।
ਇਨ੍ਹਾਂ ਸਖ਼ਤ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਅੱਜ ਉਸ ਵੇਲੇ ਕੀਤਾ, ਜਦੋਂ ਸ਼੍ਰੋਮਣੀ ਕਮੇਟੀ ਦੇ ਕੁਝ ਮੈਂਬਰ ਮੁਤਵਾਜ਼ੀ ਜਥੇਦਾਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਮਰਿਆਦਾ ਨੂੰ ਢਾਹ ਲਾਉਣ ਅਤੇ ਇੱਥੇ ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਵਾਲਾ ਪੱਤਰ ਲੈ ਕੇ ਪੁੱਜੇ। ਉਨ੍ਹਾਂ ਆਖਿਆ ਕਿ ਕਮੇਟੀ ਦੀ ਢਿੱਲ ਮੱਠ ਦੀ ਕਾਰਵਾਈ ਵਾਲੀ ਸੋਚ ਕਾਰਨ ਹੀ ਅੱਜ ਇਹ ਵਿਵਾਦ ਵਾਲੀ ਸਥਿਤੀ ਪੈਦਾ ਹੋਈ ਹੈ। ਬੀਤੇ ਦਿਨ ਇਨ੍ਹਾਂ ਵਿਅਕਤੀਆਂ ਕਾਰਨ ਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਝੜਪ ਹੋਈ। ਉਨ੍ਹਾਂ ਆਖਿਆ ਕਿ ਕਮੇਟੀ ਵੱਲੋਂ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਹੀ ਇਨ੍ਹਾਂ ਦੇ ਹੌਂਸਲੇ ਵਧੇ ਹਨ ਅਤੇ ਹੁਣ ਇਹ ਪ੍ਰਵੇਸ਼ ਦੁਆਰ ਪਲਾਜ਼ਾ ਵਿਖੇ ਸ੍ਰੀ ਅਕਾਲ ਤਖ਼ਤ ਦੇ ਬਰਾਬਰ ਆਦੇਸ਼ ਤੇ ਹੁਕਮਨਾਮੇ ਜਾਰੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਗੰਭੀਰ ਮਾਮਲਾ ਹੈ ਅਤੇ ਸ੍ਰੀ ਅਕਾਲ ਤਖਤ ਦੀ ਮਰਿਆਦਾ ਨੂੰ ਚੁਣੌਤੀ ਹੈ। ਜੇ ਇਸ ਵਾਰ ਦੀਵਾਲੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੁੜ ਵਿਵਾਦ ਵਾਲੀ ਸਥਿਤੀ ਪੈਦਾ ਹੋਈ ਤਾਂ ਇਸ ਲਈ ਸੂਬਾ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਦੋਵੇਂ ਜ਼ਿੰਮੇਵਾਰ ਹੋਣਗੇ। ਉਨ੍ਹਾਂ ਆਖਿਆ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਵੀ ਸਖ਼ਤ ਹਦਾਇਤ ਕਰਨਗੇ ਕਿ ਅਜਿਹੀ ਸਥਿਤੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਮੁਤਵਾਜ਼ੀ ਜਥੇਦਾਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਲੈਟਰ ਪੈਡ ਦੀ ਵਰਤੋਂ ਕੀਤੇ ਜਾਣ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਮੁਤਵਾਜ਼ੀ ਜਥੇਦਾਰਾਂ ਵੱਲੋਂ ਸ੍ਰੀ ਅਕਾਲ ਤਖ਼ਤ ਦੇ ਲੈਟਰ ਪੈਡ ’ਤੇ ਹੀ ਹੁਕਮਨਾਮੇ ਅਤੇ ਆਦੇਸ਼/ਸੰਦੇਸ਼ ਜਾਰੀ ਕੀਤੇ ਜਾ ਰਹੇ ਹਨ।