ਨਵੀਂ ਦਿੱਲੀ, 5 ਅਗਸਤ

ਸੁਪਰੀਮ ਕੋਰਟ ਨੇ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ (ਏਐੱਸਆਈ) ਨੂੰ ਗਿਆਨਵਾਪੀ ਮਸਜਿਦ ਵਿੱਚ ਵਿਗਿਆਨਕ ਸਰਵੇਖਣ ਦੀ ਇਜਾਜ਼ਤ ਦਿੰਦੇ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ’ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਸਿਖਰਲੀ ਕੋਰਟ ਨੇ ਮੁਸਲਿਮ ਧਿਰ ਦੇ ਇਸ ਦਾਅਵੇ ਨੂੰ ਵੀ ਦਰਕਿਨਾਰ ਕਰ ਦਿੱਤਾ ਕਿ ਸਰਵੇਖਣ ਦੇ ਅਮਲ ਨਾਲ ‘ਪੁਰਾਣੇ ਜ਼ਖ਼ਮ ਅੱਲ੍ਹੇ ਹੋ ਜਾਣਗੇ।’ ਜਸਟਿਸ ਡੀ.ਵਾਈ.ਚੰਦਰਚੂੜ ਅਤੇ ਜਸਟਿਸ ਜੇ.ਬੀ.ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਹਾਲਾਂਕਿ ਏਐੱਸਆਈ ਵਿਭਾਗ ਨੂੰ ਕਿਹਾ ਕਿ ਉਹ ਸਰਵੇਖਣ ਦੌਰਾਨ ਖੁਦਾਈ ਜਾਂ ‘ਭੰਨ-ਤੋੜ’ ਦੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕਰੇ।

ਬੈਂਚ ਨੇ ਏਐੱਸਆਈ ਤੇ ਯੂਪੀ ਸਰਕਾਰ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਵੱਲੋਂ ਦਾਇਰ ਹਲਫ਼ਨਾਮਿਆਂ ਦਾ ਨੋਟਿਸ ਲਿਆ ਕਿ ਸਰਵੇਖਣ ਦੌਰਾਨ ਕਿਸੇ ਤਰ੍ਹਾਂ ਦੀ ਖੁਦਾਈ ਨਹੀਂ ਕੀਤੀ ਜਾਵੇਗੀ ਤੇ ਨਾ ਹੀ ਢਾਂਚੇ ਨੂੰ ਕੋਈ ਨੁਕਸਾਨ ਪਹੁੰਚਾਇਆ ਜਾਵੇਗਾ। ਬੈਂਚ ਨੇ ਕਿਹਾ, ‘‘ਏਐੱਸਆਈ ਵੱਲੋਂ ਪੇਸ਼ ਸੌਲੀਸਿਟਰ ਜਨਰਲ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਸਰਵੇਖਣ ਦੌਰਾਨ ਨਾ ਤਾਂ ਕਿਸੇ ਤਰ੍ਹਾਂ ਦੀ ਖੁਦਾਈ ਹੋਵੇਗੀ ਤੇ ਨਾ ਹੀ ਸਾਈਟ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਇਆ ਜਾਵੇਗਾ।’’ ਸੁਪਰੀਮ ਕੋਰਟ ਨੇ ਕਿਹਾ ਕਿ ਏਐੱਸਆਈ ਸਰਵੇਖਣ ਦੇ ਪ੍ਰਮਾਣਿਕ ਮੁੱਲ ਨੂੰ ਕਿਸੇ ਵੀ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਸਕੇਗੀ ਤੇ ਇਸ ਬਾਰੇ ਜ਼ਿਰ੍ਹਾ ਸਣੇ ਇਤਰਾਜ਼ ਦਾੲਿਰ ਕਰਨ ਦੀ ਵੀ ਖੁੱਲ੍ਹ ਰਹੇਗੀ। ਏਐੱਸਆਈ ਵੱਲੋਂ ਦਾਖ਼ਲ ਰਿਪੋਰਟ ਆਪਣੇ ਆਪ ਵਿੱਚ ਵਿਵਾਦਿਤ ਮਾਮਲੇ ਦਾ ਨਿਰਧਾਰਿਤ ਨਹੀਂ ਹੋਵੇਗੀ। ਸਿਖਰਲੀ ਅਦਾਲਤ ਨੇ ਕਿਹਾ, ‘‘ਕੋਰਟ ਵੱਲੋਂ ਨਿਯੁਕਤ ਕਮਿਸ਼ਨਰਾਂ ਦੇ ਅਧਿਕਾਰ ਖੇਤਰ ਦੇ ਸਬੰਧ ਵਿੱਚ ਅਸੀਂ ਹਾਈ ਕੋਰਟ ਦੇ ਨਜ਼ਰੀਏ ਨਾਲ ਅਸਹਿਮਤ ਨਹੀਂ ਹਾਂ।’’ ਬੈਂਚ ਨੇ ਕਿਹਾ ਕਿ ਸਰਵੇਖਣ ਦੌਰਾਨ ‘ਤੋੜ-ਫੋੜ’ ਦੀ ਕਿਸੇ ਵੀ ਕਾਰਵਾਈ ਤੋਂ ਗੁਰੇਜ਼ ਕੀਤਾ ਜਾਵੇ। ਕੋਰਟ ਨੇ ਕਿਹਾ ਕਿ ਏਐੱਸਆਈ ਦੀ ਰਿਪੋਰਟ ਵਾਪਸ ਟਰਾਇਲ ਕੋਰਟ ਨੂੰ ਭੇਜੀ ਜਾਵੇਗੀ ਤੇ ਇਸ ’ਤੇ ਫੈਸਲਾ ਜ਼ਿਲ੍ਹਾ ਜੱਜ ਵੱਲੋਂ ਲਿਆ ਜਾਵੇਗਾ। ਉਂਜ ਸੁਣਵਾਈ ਦੌਰਾਨ ਮੁਸਲਿਮ ਧਿਰ ਅੰਜੂਮਨ ਇੰਤਜ਼ਾਮੀਆ ਮਸਜਿਦ ਕਮੇਟੀ ਨੇ ਕਿਹਾ ਕਿ ਗਿਆਨਵਾਪੀ ਮਸਜਿਦ ਵਿੱਚ ਕੀਤੇ ਜਾਣ ਵਾਲਾ ਏਐੱਸਆਈ ਸਰਵੇਖਣ ਇਤਿਹਾਸ ਫਰੋਲਣ ਦੇ ਇਰਾਦੇ ਨਾਲ ਕੀਤਾ ਜਾ ਰਿਹੈ ਤੇ ਇਹ ‘ਪੁਰਾਣੇ ਜ਼ਖ਼ਮਾਂ ਨੂੰ ਅੱਲ੍ਹਿਆਂ ਕਰੇਗਾ।’ ਮਸਜਿਦ ਪ੍ਰਬੰਧਨ ਕਮੇਟੀ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਹੁਜ਼ੇਫ਼ਾ ਅਹਿਮਦੀ ਨੇ ਚੀਫ ਜਸਟਿਸ ਡੀ.ਵਾਈ.ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਅੱਗੇ ਦਾਅਵਾ ਕੀਤਾ ਕਿ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦਾ ਇਹ ਅਮਲ ‘ਇਤਿਹਾਸ ਨੂੰ ਕੁਰੇਦੇਗਾ’, ਜੋ ਪੂਜਾ ਅਸਥਾਨਾਂ ਐਕਟ ਦੀ ਉਲੰਘਣਾ ਤੇ ਧਾਰਮਿਕ ਭਾਈਚਾਰੇ ਤੇ ਧਰਮਨਿਰਪੱਖਤਾ ਨੂੰ ਸੱਟ ਮਾਰਨ ਵਾਂਗ ਹੈ। ੲਿਸ ’ਤੇ ਬੈਂਚ ਨੇ ਕਿਹਾ, ‘‘ਤੁਸੀਂ ਗੱਲਬਾਤ ਸਬੰਧੀ ਹਰੇਕ ਹੁਕਮ ਦਾ ਇਕੋ ਅਧਾਰ ’ਤੇ ਵਿਰੋਧ ਨਹੀਂ ਕਰ ਸਕਦੇ ਅਤੇ ਤੁਹਾਡੇ ਇਤਰਾਜ਼ਾਂ ’ਤੇ ਸੁਣਵਾਈ ਦੌਰਾਨ ਫੈਸਲਾ ਕੀਤਾ ਜਾਵੇਗਾ।’’