ਐਸ.ਏ.ਐਸ. ਨਗਰ (ਮੁਹਾਲੀ), 9 ਮਈ

ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ਸੂਬੇ ਵਿੱਚ ਪਸ਼ੂ ਧਨ ਨੂੰ ਗਲਘੋਟੂ ਦੀ ਬਿਮਾਰੀ ਤੋਂ ਬਚਾਉਣ ਲਈ 72 ਲੱਖ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇਗਾ। ਇਸ ਦੀ ਰਸਮੀ ਸ਼ੁਰੂਆਤ 11 ਮਈ ਨੂੰ ਮੁਹਾਲੀ ਗਊਸ਼ਾਲਾ ਤੋਂ ਕੀਤੀ ਜਾਵੇਗੀ।
ਇਸ ਗੱਲ ਦਾ ਖੁਲਾਸਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਲਾਈਵ ਸਟਾਕ ਭਵਨ ਵਿੱਚ ਵੈਟਰਨਰੀ ਅਫ਼ਸਰਾਂ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਮੀਟਿੰਗ ਦੌਰਾਨ ਮੰਤਰੀ ਨੇ ਜ਼ਿਲ੍ਹਾ ਮੁਹਾਲੀ ਦੇ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਕੰਮਕਾਜ ਦੀ ਸਮੀਖਿਆ ਵੀ ਕੀਤੀ।
ਸ੍ਰੀ ਸਿੱਧੂ ਨੇ ਵੈਟਰਨਰੀ ਅਫ਼ਸਰਾਂ ਨੂੰ ਸਮੇਂ ਦਾ ਪਾਬੰਦ ਹੋ ਕੇ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਮੋਬਾਈਲ 24 ਘੰਟੇ ਖੁੱਲ੍ਹੇ ਰੱਖਣ ਲਈ ਵੀ ਆਖਿਆ ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚ ਪਸ਼ੂਆਂ ਸਬੰਧੀ ਸੰਸਥਾਵਾਂ ਦੀ ਅਚਨਚੇਤੀ ਚੈਕਿੰਗ ਕੀਤੀ ਜਾਵੇਗੀ। ਚੰਗਾ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਡਿਊਟੀ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪਹਾੜੀ ਖੇਤਰ ਵਿੱਚ ਲੋਕਾਂ ਨੂੰ ਸੂਰ ਫਾਰਮਿੰਗ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਦੇ ਧੰਦੇ ਪ੍ਰਤੀ ਵੀ ਉਤਸ਼ਾਹਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸੂਰ ਫਾਰਮਿੰਗ ਕਿੱਤੇ ਦਾ 11 ਫੀਸਦੀ ਹਿੱਸਾ ਇਕੱਲੇ ਜ਼ਿਲ੍ਹਾ ਮੁਹਾਲੀ ਵਿੱਚ ਆਉਂਦਾ ਹੈ। ਪਿੰਡ ਪੜਛ ਵਿੱਚ ਬੱਕਰੀ ਪਾਲਣ ਫਾਰਮ ਵਿੱਚ 50 ਉੱਦਮੀਆਂ ਨੂੰ ਸੂਰ ਪਾਲਣ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਕਿੱਤੇ ਦੀ ਸਿਖਲਾਈ ਦਿੱਤੀ ਜਾ ਰਹੀ ਹੈ।
ਸ੍ਰੀ ਸਿੱਧੂ ਨੇ ਦੱਸਿਆ ਕਿ ਖੇਤੀਬਾੜੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਆਰਥਿਕਤਾ ਦੀ ਮਜ਼ਬੂਤੀ ਲਈ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਆਮਦਨ ਦੀਆਂ ਵੱਧ ਸੰਭਾਵਨਾਵਾਂ ਮੌਜੂਦ ਹਨ।