ਚਾਰ ਮੁਲਜ਼ਮ ਗ੍ਰਿਫ਼ਤਾਰ; ਮੁਲਜ਼ਮਾਂ ਵਿੱਚ ਬਦਨਾਮ ਗੈਂਗਸਟਰ ਵੀ ਸ਼ਾਮਲ

ਚੰਡੀਗੜ੍ਹ, 8 ਨਵੰਬਰ
ਪੰਜਾਬ ਪੁਲੀਸ ਨੇ  ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਆਰ.ਆਰ.ਐਸ.ਪੰਜਾਬ ਦੇ ਮੀਤ ਪ੍ਰਧਾਨ ਜਗਦੀਸ਼ ਗਗਨੇਜਾ, ਆਰ.ਐਸ.ਐਸ. ਨੇਤਾ ਰਾਵਿੰਦਰ ਗੋਸਾਈਂ ਅਤੇ ਪਾਦਰੀ ਸੁਲਤਾਨ ਮਸੀਹ ਸਮੇਤ ਮਿੱਥ ਕੇ ਕੀਤੇ ਗਏ ਛੇ ਕਤਲਾਂ ਦੇ ਮਾਮਲੇ ਹੱਲ ਕਰਨ ਦਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਤਲਾਂ ਦੇ ਵੱਡੇ ਮਾਮਲੇ ਹੱਲ ਕਰਨ ਲਈ ਪੰਜਾਬ ਪੁਲੀਸ ਦੀ ਪਿਠ ਥਾਪੜਦਿਆਂ ਐਲਾਨ ਕੀਤਾ ਕਿ ਇਹ ਸਫਲਤਾ ਹਾਸਲ ਕਰਨ ਵਾਲੇ  ਪੁਲੀਸ ਅਧਿਕਾਰੀਆਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਤਲ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਨੇ  ਹੋਰ ਮੁਲਕਾਂ ਵਿੱਚ ਆਪਣੇ ਨੈੱਟਵਰਕ ਰਾਹੀਂ ਸੂਬੇ ਦੀ ਸਦਭਾਵਨਾ ਨੂੰ ਭੰਗ ਕਰਕੇ ਅਸਥਿਰਤਾ ਪੈਦਾ ਕਰਨ ਲਈ      ਕਰਵਾਏ ਸਨ।
ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਆਰ.ਐਸ.ਐਸ. ਦੇ ਆਗੂ ਬ੍ਰਿਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਦਾ ਕੇਸ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ ਪਰ ਸੂਬਾ ਪੁਲੀਸ ਨੇ  ਦਹਿਸ਼ਤੀ ਗਰੋਹ ਬੇਨਕਾਬ ਕਰਕੇ ਇਸ ਕਤਲ ਕੇਸ ਦੀ ਗੁੱਥੀ ਸੁਲਝਾ ਲਈ ਹੈ। ਇਸ ਦੇ ਨਾਲ ਇਕ ਹੋਰ ਆਰ.ਐਸ.ਐਸ ਨੇਤਾ ਰਵਿੰਦਰ ਗੁਸਾਈਂ ਦੇ ਕਤਲ ਕੇਸ ਨੂੰ ਵੀ ਹੱਲ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਸਾਜ਼ਿਸ਼ਕਾਰਾਂ ਵਿੱਚ ਧਰਮਿੰਦਰ ਉਰਫ ਗੁਗਨੀ ਗੈਂਗਸਟਰ ਵੀ ਸ਼ਾਮਲ ਹੈ, ਜੋ ਨਾਭਾ ਜੇਲ੍ਹ ਵਿੱਚ ਬੰਦ ਸੀ। ਪੁਲੀਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਉਸ ਨੇ ਕਤਲਾਂ ਲਈ ਹਥਿਆਰ ਤੇ ਗੋਲੀ ਸਿੱਕਾ ਦਿੱਤਾ ਸੀ। ਇਸ ਗ੍ਰਿਫ਼ਤਾਰੀ ਨਾਲ ਗਰਮਖਿਆਲੀਆਂ ਅਤੇ ਗੈਂਗਸਟਰਾਂ ਦਰਮਿਆਨ ਗੰਢਤੁਪ ਦਾ ਸ਼ੱਕ ਸਹੀ ਸਾਬਤ  ਹੋਇਆ ਹੈ। ਮੂਲਜ਼ਮਾਂ  ਕੋਲੋਂ ਕੀਤੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਵਿਦੇਸ਼ਾਂ ਵਿਚ ਵੱਖ-ਵੱਖ ਥਾਵਾਂ ’ਤੇ ਮਿਲੇ ਅਤੇ ਉਨਾਂ ਨੂੰ ਸਿਖਲਾਈ ਦਿੱਤੀ ਗਈ। ਮੁੱਖ ਮੰਤਰੀ ਨੇ ਆਖਿਆ ਕਿ ਇਨ੍ਹਾਂ ਮਾਮਲਿਆਂ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਿੱਥ ਕੇ ਕੀਤੇ ਗਏ ਕਤਲਾਂ ਦਾ ਮਕਸਦ ਫਿਰਕੂ ਪਾੜਾ ਪਾਉਣਾ ਸੀ ਤਾਂ ਕਿ ਆਈ.ਐਸ.ਆਈ. ਆਪਣੀ ਭਾਰਤ ਵਿਰੋਧੀ ਯੋਜਨਾ ਵਿੱਚ ਅੱਗੇ ਵਧ ਸਕੇ।
ਦਰਅਸਲ ਪੰਜਾਬ ਪੁਲੀਸ ਨੇ ਹਫ਼ਤਾ ਪਹਿਲਾਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਜਿਮੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਜੰਮੂ ਦਾ ਵਾਸੀ ਹੈ। ਉਸ ਦੀ ਪੁਛਗਿਛ ਤੋਂ ਬਾਅਦ ਉਸ ਦੇ ਬਾਕੀ ਸਾਥੀ ਗ੍ਰਿਫਤਾਰ ਕੀਤੇ ਗਏ ਹਨ। ਉਹ ਇੰਗਲੈਂਡ ’ਚੋਂ ਕਈ ਸਾਲ ਰਹਿਣ ਬਾਅਦ ਵਾਪਸ ਪਰਤਿਆ ਸੀ। ਜਗਤਾਰ ਸਿੰਘ ਜੌਹਲ ਉਰਫ਼ ਜੱਗੀ (ਇੰਗਲੈਂਡ ਦਾ ਨਾਗਰਿਕ ਹੈ ਜੋ ਕਿ ਹਾਲ ਹੀ ਵਿੱਚ ਵਿਆਹਿਆ ਗਿਆ ਸੀ ਅਤੇ ਜਲੰਧਰ ਵਿੱਚ ਫੜਿਆ ਗਿਆ ਸੀ) ਧਰਮਿੰਦਰ ਉਰਫ਼ ਗੁਗਨੀ ਲੁਧਿਆਣਾ ਨੇੜੇ ਮਿਹਰਬਾਨ ਦਾ ਵਾਸੀ ਹੈ। ਉਹ ਗੈਂਗਸਟਰਾਂ ਨਾਲ ਸਬੰਧਤ ਹੈ। ਪੁਲੀਸ ਨੇ ਚੌਥੇ ਮੁਲਜ਼ਮ ਜੋ ਕਿ ਨਿਸ਼ਾਨੇਬਾਜ਼ ਹੈ ਦੀ ਪਛਾਣ ਗੁਪਤ ਰੱਖੀ ਹੈ। ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਕਿ ਸੂਬੇ ਦੀ ਖੁਫੀਆ ਵਿੰਗ ਦੇ ਮੁਖੀ ਦਿਨਕਰ ਗੁਪਤਾ ਦੀ ਅਗਵਾਈ ਹੇਠਲੀ ਟੀਮ ਨੇ ਕਾਤਲਾਂ ਨੂੰ ਨੱਪਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਸਾਰੀਆਂ ਘਟਨਾਵਾਂ ਵਿਚ 9 ਐਮ.ਐਮ., ਪੁਆਇੰਟ 32 ਅਤੇ ਪੁਆਇੰਟ 30 ਬੋਰ ਦੇ ਪਿਸਤੌਲ ਵਰਤੇ ਗਏ ਸਨ।