ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਇਥੇ ਮੀਟਿੰਗ ਵਿੱਚ ਖੇਤੀ ਦੀ ਰਹਿੰਦ-ਖੂੰਹਦ ਸਾੜਨ ਅਤੇ ਵਾਹਨਾਂ ਕਾਰਨ ਪੈਦਾ ਹੋਣ ਵਾਲੇ ਪ੍ਰਦੂਸ਼ਣ ਬਾਰੇ ਚਰਚਾ ਕੀਤੀ। ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕੇਜਰੀਵਾਲ ਤੋਂ ਮੂੰਹ ਮੋੜੀ ਰੱਖਿਆ। ਹਰਿਆਣਾ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੇ ਕੌਮੀ ਰਾਜਧਾਨੀ ਵਿੱਚ ਛਾਈ ਜ਼ਹਿਰੀਲੀ ਧੁੰਦ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਨੇ ਸਾਲ 2018 ’ਚ ਸਰਦੀ ਦੇ ਮੌਸਮ ਵਿੱਚ ਮੁੜ ਅਜਿਹੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ ਕਦਮ ਚੁੱਕਣ ਦੀ ਲੋੜ ਉਤੇ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਧੁਆਂਖੀ ਧੁੰਦ, ਜੋ ਲੋਕਾਂ ਦੀ ਸਿਹਤ ਲਈ ਗੰਭੀਰ ਖ਼ਤਰਾ ਹੈ, ਨਾਲ ਨਜਿੱਠਣ ਲਈ ਸਾਰਿਆਂ ਨੂੰ ਸਾਰੇ ਮੋਰਚਿਆਂ ’ਤੇ ਠੋਸ ਤੇ ਤੇਜ਼ੀ ਨਾਲ ਕਾਰਵਾਈ ਕਰਨ ਦੀ ਲੋੜ  ਹੈ। ਉਨ੍ਹਾਂ ਨੇ ਭਵਿੱਖ ਵਿੱਚ ਸਾਂਝੇ ਤੌਰ ’ਤੇ ਪਛਾਣੇ ਨੁਕਤਿਆਂ ਦੀ ਪਾਲਣ ਲਈ ਲਗਾਤਾਰ ਯਤਨ ਕਰਨ ਦਾ ਸੰਕਲਪ ਕੀਤਾ।
ਹਰਿਆਣਾ ਤੇ ਦਿੱਲੀ ਸਰਕਾਰਾਂ ਭਵਿੱਖ ਵਿੱਚ ਆਪਸੀ ਵਿਚਾਰ-ਵਟਾਂਦਰੇ ਰਾਹੀਂ ਹਵਾ ਤੇ ਪਾਣੀ ਪ੍ਰਦੂਸ਼ਣ ਰੋਕਣ ਲਈ ਯਤਨ ਕਰਦੀਆਂ ਰਹਿਣਗੀਆਂ। ਇਸ ਮੀਟਿੰਗ ’ਚ ਹਰਿਆਣਾ ਦੇ ਵਾਤਾਵਰਨ ਮੰਤਰੀ ਵਿਪੁਲ ਗੋਇਲ, ਦਿੱਲੀ ਦੇ ਵਾਤਾਵਰਨ ਮੰਤਰੀ ਇਮਰਾਨ ਹੁਸੈਨ, ਹਰਿਆਣਾ ਦੇ ਮੁੱਖ ਸਕੱਤਰ ਡੀ.ਐਸ. ਢੇਸੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ, ਵਾਤਾਵਰਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਧੀਰਾ ਖੰਡੇਲਵਾਲ, ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਐਸ. ਪ੍ਰਸਾਦ, ਦਿੱਲੀ ਦੇ ਮੁੱਖ ਮੰਤਰੀ ਦੇ ਸਲਾਹਕਾਰ ਵੀ.ਕੇ. ਜੈਨ ਅਤੇ ਸੂਚਨਾ ਤੇ ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਮੀਰ ਪਾਲ ਸਰੋ ਸ਼ਾਮਲ ਸਨ। ਬੈਠਕ ਬਾਅਦ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਪ੍ਰਦੂਸ਼ਣ ਤੇ ਸਿਆਸਤ ਨੂੰ ਰੱਲਗੱਡ ਕਰਨਾ ਗਲਤ ਹੈ ਅਤੇ ਇਸ ਗੰਭੀਰ ਮੁੱਦੇ ’ਤੇ ਸਾਰੀਆਂ ਸਿਆਸੀ ਧਿਰਾਂ ਨੂੰ ਸਿਰ ਜੋੜ ਕੇ ਵਿਚਾਰ ਕਰਨਾ ਚਾਹੀਦਾ ਹੈ।
ਸ੍ਰੀ ਕੇਜਰੀਵਾਲ ਦੇ ਇਥੇ ਯੂਟੀ ਗੈਸਟ ਹਾਊਸ ’ਚ ਨਾ ਆਉਣ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਸੁਖਪਾਲ ਖਹਿਰਾ ਅਤੇ ਪੰਜਾਬ ਦੇ ਮੀਤ ਪ੍ਰਧਾਨ ਅਮਨ ਅਰੋੜਾ ਨੇ ਉਨ੍ਹਾਂ ਨਾਲ ਹਵਾਈ ਅੱਡੇ ’ਤੇ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਦੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਸ੍ਰੀ ਕੇਜਰੀਵਾਲ ਵੱਲੋਂ ਦਿੱਲੀ ’ਚ ਪ੍ਰਦੂਸ਼ਣ ਲਈ ਪੰਜਾਬ ਤੇ ਹਰਿਆਣਾ ਨੂੰ ਦੋਸ਼ੀ ਠਹਿਰਾਉਣ ਦੀ ਆਲੋਚਨਾ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਦੀ ਸਮੱਸਿਆ ਦਾ ਹੱਲ ਪੰਜਾਬ ਜਾਂ ਹਰਿਆਣਾ ’ਚ ਨਹੀਂ ਬਲਕਿ ਦਿੱਲੀ    ’ਚ ਹੀ ਹੈ। ਪੇਈਚਿੰਗ ਓਲੰਪਿਕ ਤੋਂ ਪਹਿਲਾਂ ਚੀਨ ’ਚ ਵੀ ਬਹੁਤ ਧੂੰਆਂ ਅਤੇ ਪ੍ਰਦੂਸ਼ਨ ਸੀ ਪਰ ਉਥੋਂ ਦੀ ਸਰਕਾਰ ਨੇ ਮਸਨੂਈ ਮੀਂਹ ਵਰਗੀਆਂ ਆਧੁਨਿਕ ਵਿਧੀਆਂ ਨਾਲ ਸਮੱਸਿਆ ਦਾ ਹੱਲ ਕੀਤਾ ਸੀ ਪਰ ਦਿੱਲੀ ਸਰਕਾਰ ਅਜਿਹੇ ਰਾਹ ਤਲਾਸ਼ਣ ਬਜਾਏ ਦੂਜੇ ਰਾਜਾਂ ’ਤੇ ਦੋਸ਼ ਲਗਾ ਰਹੀ ਹੈ।