ਲੰਡਨ, 16 ਜੂਨ
ਖਾਲਿਸਤਾਨੀ ਹਮਾਇਤੀ ਅਵਤਾਰ ਸਿੰਘ ਪੁਰਬਾ ਉਰਫ਼ ਖੰਡਾ ਦੀ ਅੱਜ ਇੱਥੇ ਬਰਮਿੰਘਮ ਸ਼ਹਿਰ ਦੇ ਇੱਕ ਹਸਪਤਾਲ ’ਚ ਮੌਤ ਹੋ ਗਈ। ਉਹ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਹਮਲਾ ਕਰਨ ਵਾਲਿਆਂ ’ਚ ਵੀ ਸ਼ਾਮਲ ਸੀ। ਬਰਤਾਨੀਆ ਦੀਆਂ ਸਭ ਤੋਂ ਵੱਡੀਆਂ ਸਿੱਖ ਸੰਸਥਾਵਾਂ ’ਚੋਂ ਇੱਕ ਸਿੱਖ ਫੈਡਰੇਸ਼ਨ ਯੂਕੇ ਨੇ ਦੱਸਿਆ ਕਿ ਅਵਤਾਰ ਸਿੰਘ ਖੰਡਾ (35) ਨੂੰ ਬਲੱਡ ਕੈਂਸਰ ਸੀ ਤੇ ਉਹ ਇੱਥੇ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ’ਤੇ ਸੀ। ਅਵਤਾਰ ਸਿੰਘ ਸਾਲ 2007 ’ਚ ਪੜ੍ਹਾਈ ਲਈ ਬਰਤਾਨੀਆ ਗਿਆ ਸੀ ਪਰ 2012 ’ਚ ਉਸ ਨੇ ਉੱਥੇ ਪਨਾਹ ਲੈ ਲਈ। ਉਸ ’ਤੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਚ ਤਿਰੰਗੇ ’ਤੇ ਕੀਤੇ ਹਮਲੇ ਸਮੇਤ ਭਾਰਤ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ, ਪਰ ਉਸ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ। ਅਵਤਾਰ ਸਿੰਘ ਪੁਲੀਸ ਮੁਕਾਬਲੇ ’ਚ ਮਾਰੇ ਗਏ ਖਾਲਿਸਤਾਨੀ ਲਿਬਰੇਸ਼ਨ ਫੋਰਸ ਦੇ ਮੈਂਬਰ ਕੁਲਵੰਤ ਸਿੰਘ ਖੁਖਰਾਣਾ ਦਾ ਪੁੱਤ ਸੀ।