ਸ੍ਰੀ ਆਨੰਦਪੁਰ ਸਾਹਿਬ, ਤਿੰਨ ਦਿਨਾਂ ਤੱਕ ਚੱਲਣ ਵਾਲਾ ਸਿੱਖਾਂ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਅੱਜ ਤਖ਼ਤ ਕੇਸਗੜ੍ਹ ਸਾਹਿਬ ਤੋਂ ਪੂਰੇ ਜਾਹੋ ਜਲਾਲ ਨਾਲ ਸ਼ੁਰੂ ਹੋ ਗਿਆ। ਅੱਜ ਨਿਰਮਲ ਭੇਖ ਵੱਲੋਂ ਨਗਰ ਕੀਰਤਨ ਸਜਾਇਆ ਗਿਆ ਤੇ ਪਹਿਲੇ ਦਿਨ ਪੰਜ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਸਰੋਵਰਾਂ ’ਚ ਇਸ਼ਨਾਨ ਕੀਤੇ। 2 ਮਾਰਚ ਤੱਕ ਚੱਲਣ ਵਾਲੇ ਹੋਲੇ ਮਹੱਲੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਸਮੁੱਚੇ ਮੇਲੇ ਦੀ ਦੇਖਰੇਖ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਅਤੇ ਪੁਲੀਸ ਮੁਖੀ ਰਾਜਬਚਨ ਸਿੰਘ ਸੰਧੂ ਕਰ ਰਹੇ ਹਨ।
ਤਖ਼ਤ ਕੇਸਗੜ੍ਹ ਸਾਹਿਬ ’ਚ ਅੱਜ ਅਖੰਡ ਪਾਠ ਅਰੰਭ ਕਰਵਾਏ ਗਏ। ਇਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਮੈਨੇਜਰ ਰਣਜੀਤ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ ਆਦਿ ਹਾਜ਼ਰ ਸਨ। ਇਸ ਤੋਂ ਬਾਅਦ ਨਿਰਮਲ ਭੇਖ ਦੇ ਸਮੂਹ ਸੰਤਾਂ-ਮਹਾਂਪੁਰਸ਼ਾਂ ਬਾਬਾ ਪ੍ਰੀਤਮ ਸਿੰਘ ਡੁਮੇਲੀ ਵਾਲੇ, ਪੰਡਿਤ ਗਿਆਨ ਦੇਵ ਪ੍ਰਧਾਨ ਨਿਰਮਲਾ ਪੰਚਾਇਤੀ ਅਖਾੜਾ, ਬਾਬਾ ਜਸਪਾਲ ਸਿੰਘ ਜੌਹਲਾਂ, ਬਾਬਾ ਘਾਲਾ ਸਿੰਘ ਨਾਨਕਸਰ, ਬਾਬਾ ਪਾਲ ਸਿੰਘ ਲੋਹੀਆਂ, ਜ਼ੈਲ ਸਿੰਘ ਸ਼ਾਸਤਰੀ, ਬਾਬਾ ਤੇਜਾ ਸਿੰਘ, ਬਾਬਾ ਗੁਰਬਚਨ ਸਿੰਘ ਪਠਲਾਵੇ ਵਾਲੇ ਨੇ ਨਗਰ ਕੀਰਤਨ ਸਜਾਇਆ। ਸ਼੍ਰੋਮਣੀ ਪੰਥ ਅਕਾਲੀ ਬਾਬਾ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੇ ਡੇਰੇ ਗੁਰੂ ਕਾ ਬਾਗ਼ ’ਚ ਕੌਮਾਂਤਰੀ ਗੱਤਕਾ ਮੁਕਾਬਲੇ ਸ਼ੁਰੂ ਕਰਵਾਏ ਗਏ। ਬਾਬਾ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਾਜ਼ਰ ਰਹਿਣਗੇ ਉੱਥੇ ਹੀ ਪੰਥ ਦੀ ਪ੍ਰਸਿੱਧ ਪੰਜ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ।
ਅੱਜ ਆਏ ਸੰਗਤਾਂ ਦੇ ਸੈਲਾਬ ਬਾਰੇ ਤਖ਼ਤ ਕੇਸਗੜ੍ਹ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਅੱਜ ਤੜਕਸਾਰ ਤੋਂ ਹੀ ਸੰਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਇੱਕ ਅਨੁਮਾਨ ਮੁਤਾਬਿਕ 5 ਲੱਖ ਤੋਂ ਵੱਧ ਸੰਗਤਾਂ ਨੇ ਵੱਖ ਵੱਖ ਧਾਰਮਿਕ ਸਥਾਨਾਂ ’ਤੇ ਹਾਜ਼ਰੀ ਲਗਵਾਈ। ਲੰਘੀ 25 ਤੋਂ 28 ਫਰਵਰੀ ਤੱਕ ਹੋਏ ਅੰਮ੍ਰਿਤਪਾਨ ਬਾਰੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ ਦੱਸਿਆ ਕਿ ਹੁਣ ਤੱਕ 350 ਪ੍ਰਾਣੀਆਂ ਵੱਲੋਂ ਖੰਡੇ ਬਾਟੇ ਦੀ ਪਾਹੁਲ ਛਕੀ ਜਾ ਚੁੱਕੀ ਹੈ।