ਚੰਡੀਗੜ੍ਹ,  ਜਸਟਿਸ ਜੇ.ਐਸ. ਨਾਰੰਗ ਕਮਿਸ਼ਨ ਨੇ ਰੇਤਾ ਖਾਣਾਂ ਦੇ ਘਪਲੇ ਸਬੰਧੀ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਉਨ੍ਹਾਂ ਮੁਲਾਜ਼ਮਾਂ ਦੀ ਫੰਡਿੰਗ ਦੇ ਵਸੀਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਹਾਲ ਹੀ ਵਿੱਚ ਰੇਤਾ ਖੱਡਾਂ ਦੇ ਠੇਕੇ ਹਾਸਲ ਕੀਤੇ ਸਨ। ਬੀਤੀ 25 ਮਈ ਨੂੰ ‘ਟ੍ਰਿਬਿਊਨ’ ਪ੍ਰਕਾਸ਼ਨ ਸਮੂਹ ਵੱਲੋਂ ਰਾਣਾ ਦੇ ਮੁਲਾਜ਼ਮਾਂ ਦੇ ਚਾਰ ਰੇਤਾ ਖਾਣਾਂ ਦੇ ਕਰੋੜਾਂ ਰੁਪਏ ਦੇ ਠੇਕੇ ਹਾਸਲ ਕਰਨ ਦਾ ਪਰਦਾਫ਼ਾਸ਼ ਕੀਤੇ ਜਾਣ ਪਿੱਛੋਂ ਮੁੱਖ ਮੰਤਰੀ ਨੇ ਜਸਟਿਸ ਨਾਰੰਗ ਦੀ ਅਗਵਾਈ ਹੇਠ ਜਾਂਚ ਕਮਿਸ਼ਨ ਨਿਯੁਕਤ ਕੀਤਾ ਸੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੰਤਰੀ ਦੇ ਮੁਲਾਜ਼ਮਾਂ ਅਤੇ ਚਾਰਟਰਡ ਅਕਾਊਂਟੈਂਟ (ਸੀਏ) ਨੇ ਕਮਿਸ਼ਨ ਅੱਗੇ ਪੇਸ਼ ਹੋ ਕੇ ਬਿਆਨ ਕਲਮਬੰਦ ਕਰਵਾਏ ਹਨ।
ਮੁਲਾਜ਼ਮਾਂ ਵਿੱਚ ਖ਼ਾਨਸਾਮਾ ਅਮਿਤ ਬਹਾਦੁਰ ਅਤੇ ਕੁਲਵਿੰਦਰ ਪਾਲ ਸਿੰਘ ਸ਼ਾਮਲ ਹਨ। ਪਹਿਲਾਂ ਕਮਿਸ਼ਨ ਨੇ ਮੁਲਾਜ਼ਮਾਂ ਨੂੰ ਤਲਬ ਕੀਤਾ, ਜਿਨ੍ਹਾਂ ਦੱਸਿਆ ਕਿ ਉਨ੍ਹਾਂ ਨਿਲਾਮੀ ਵਿੱਚ     ਉਨ੍ਹਾਂ ਫ਼ਰਮਾਂ ਵੱਲੋਂ ਹਿੱਸਾ ਲਿਆ, ਜਿਨ੍ਹਾਂ ਨਾਲ ਕਾਂਸਲ ਸਿੰਗਲਾ ਐਸੋਸੀਏਟ ਦੇ ਸੀਏ ਸਾਹਿਲ ਸਿੰਗਲਾ ਤੇ ਮੰਤਰੀ ਦੇ ਕਰੀਬੀ ਕੈਪਟਨ ਜੇ.ਐਸ. ਰੰਧਾਵਾ ਦਾ ਪੁੱਤਰ ਸੰਜੀਤ ਰੰਧਾਵਾ ਵੀ ਜੁੜੇ ਹੋਏ ਹਨ। ਇਸ ਪਿੱਛੋਂ ਕਮਿਸ਼ਨ ਨੇ ਸੀਏ ਨੂੰ ਤਲਬ ਕੀਤਾ।