ਮਾਨਸਾ, 23 ਅਗਸਤ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ (‘ਆਪ’) ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਮਾਲਵੇ ਦੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦਾ ਐਲਾਨ ਕਰਦਿਆਂ ਕਿਹਾ ਕਿ ‘ਆਪ’ ਪਰਵਾਸੀ ਪੰਜਾਬੀਆਂ ਦੀ ਮੱਦਦ ਨਾਲ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦੀ ਹਰ ਸੰਭਵ ਮੱਦਦ ਦਾ ਉਪਰਾਲਾ ਕਰੇਗੀ। ਸ੍ਰੀ ਖਹਿਰਾ ਨੇ ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰ ਖੁਰਦ, ਬੁਰਜ ਰਾਠੀ, ਦਲੇਲ ਸਿੰਘ ਵਾਲਾ, ਰੰਘੜਿਆਲ, ਬਹਾਦਰਪੁਰ, ਟਾਹਲੀਆਂ, ਨੰਗਲ ਕਲਾਂ ਤੇ ਰਮਦਿੱਤੇ ਵਾਲਾ ਵਿੱਚ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਦੁੱਖ ਵੰਡਾਇਆ। ਸ੍ਰੀ ਖਹਿਰਾ ਨੇ ਕਿਹਾ ਕਿ ਪਾਰਟੀ ਵੱਲੋਂ ਬਠਿੰਡਾ-ਮਾਨਸਾ ਜ਼ਿਲ੍ਹੇ ਦੇ 50 ਪਰਿਵਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਦੋਂ ਕਿ 20 ਤੋਂ ਵੱਧ ਪਰਿਵਾਰਾਂ ਨੂੰ ਇੱਕੋ ਵਾਰ 50 ਹਜ਼ਾਰ ਰੁਪਏ ਉਕਾ-ਪੁੱਕਾ ਸਹਾਇਤਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ। ਉਨ੍ਹਾਂ ਕਿਹਾ ਕਿ ਇਸ ਰਕਮ ਅਤੇ ਪਰਿਵਾਰਾਂ ਦੀ ਗਿਣਤੀ ਨੂੰ ਛੇਤੀ ਹੀ ਵਧਾਇਆ ਜਾ ਰਿਹਾ ਹੈ। ਇਸ ਮੌਕੇ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਬੁਢਲਾਡਾ ਤੋਂ ਪਾਰਟੀ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਮੌੜ ਮੰਡੀ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ, ਅਮਨ ਅਰੋੜਾ, ਭੋਲਾ ਸਿੰਘ ਮਾਨ, ਸੁਖਵਿੰਦਰ ਸਿੰਘ ਖੱਤਰੀਵਾਲ, ਸੁਖਦਰਸ਼ਨ ਸਿੰਘ ਤੇ ਦੀਪਕ ਬਾਂਸਲ ਹਾਜ਼ਰ ਸਨ।