ਜਲੰਧਰ, ਸ਼ਾਹਕੋਟ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਲੋਕ ਸਭਾ ਮੈਂਬਰ ਸਾਧੂ ਸਿੰਘ, ਅਮਨ ਅਰੋੜਾ, ਪੰਜਾਬ ਦੇ ਸਹਿ-ਕਨਵੀਨਰ ਬਲਬੀਰ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਣੇ ਕਈ ਹੋਰ ਵਿਧਾਇਕ ਅਤੇ ਆਗੂ ਮੌਜੂਦ ਸਨ। ਉਂਜ, ਸੰਸਦ ਮੈਂਬਰ ਅਤੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਭਗਵੰਤ ਮਾਨ ਗੈਰ-ਹਾਜ਼ਰ ਰਹੇ।
ਇਸ ਮੌਕੇ ਵਿਰੋਧੀ ਧਿਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਚੋਣ ਜਿੱਤਣ ਲਈ ਖੁੱਲ੍ਹੇ ਤੌਰ ’ਤੇ ਪੈਸੇ ਅਤੇ ਨਸ਼ਿਆਂ ਦੀ ਵਰਤੋਂ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਚੋਣ ਜਿੱਤਣ ਲਈ ਅਜਿਹਾ ਕੋਈ ਹੱਥਕੰਡਾ ਨਹੀਂ ਅਪਣਾਇਆ ਜਾਵੇਗਾ ਅਤੇ ਬਿਲਕੁਲ ਸਾਫ ਤਰੀਕੇ ਨਾਲ ਚੋਣ ਲੜੀ ਜਾਵੇਗੀ। ਬੀਤੇ ਦਿਨ ਚੋਣ ਦੇ ਬਾਈਕਾਟ ਕਰਨ ਦੇ ਦਿੱਤੇ ਬਿਆਨ ’ਤੇ ਸ੍ਰੀ ਖਹਿਰਾ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਅਤੇ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪਾਰਟੀ ਬਾਈਕਾਟ ਕਰਨ ਦੇ ਮੁੱਦੇ ’ਤੇ ਵਿਚਾਰ ਕਰੇਗੀ। ਉਧਰ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਭਾਵੇਂ ਸ੍ਰੀ ਖਹਿਰਾ, ਭਗਵੰਤ ਮਾਨ ਤੇ ਕੁਝ ਹੋਰ ਆਗੂ ਜ਼ਿਮਨੀ ਚੋਣ ਨਾ ਲੜਨ ਦਾ ਵਿਚਾਰ ਦੇ ਰਹੇ ਸਨ ਪਰ ਹੁਣ ਸਾਰੇ ਇਕਜੁੱਟ ਹੋ ਕੇ ਨਿੱਤਰੇ ਹਨ।
ਭਗਵੰਤ ਮਾਨ ਦੀ ਗ਼ੈਰਹਾਜ਼ਰੀ ਰੜਕੀ
ਭਗਵੰਤ ਮਾਨ ਦੀ ਗ਼ੈਰ-ਹਾਜ਼ਰੀ ’ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਉਹ ਨਿੱਜੀ ਰੁਝੇਵਿਆਂ ਕਾਰਨ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਅਮਰੀਕਾ ਆਪਣੇ ਬੱਚਿਆਂ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਹੈ ਅਤੇ ਇਸ ਦੇ ਨਾਲ ਹੀ ਉਹ ਆਪਣੇ ਲੋਕ ਸਭਾ ਹਲਕੇ ’ਚ ਰੁੱਝੇ ਹੋਏ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਗਵੰਤ ਮਾਨ ਸ਼ਾਹਕੋਟ ’ਚ ਰਤਨ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆਉਣਗੇ।