ਜਲੰਧਰ, ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਫਾਜ਼ਿਲਕਾ ਦੇ ਵਧੀਕ ਸੈਸ਼ਨ ਜੱਜ ਵਿਰੁੱਧ ਕਪੂਰਥਲਾ ਦੇ ਐੱਸ.ਐੱਸ.ਪੀ. ਨੂੰ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੇ ਆਪਣੀ ਧੀ ਦਾ ਪਾਸਪੋਰਟ ਬਣਾਉਣ ਲਈ ਜਾਅਲੀ ਜਨਮ ਸਰਟੀਫਿਕੇਟ ਅਤੇ ਝੂਠਾ ਹਲਫੀਆ ਬਿਆਨ ਦਿੱਤਾ ਹੈ। ਸ੍ਰੀ ਬੈਂਸ ਨੇ ਕਿਹਾ ਕਿ ਜੇਕਰ ਪੁਲੀਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਸੰਵਿਧਾਨ ਦੀ ਧਾਰਾ 32 ਤਹਿਤ ਸੁਪਰੀਮ ਕੋਰਟ ਵਿੱਚ ਰਿੱਟ ਦਾਇਰ ਕਰਨਗੇ। ਜ਼ਿਕਰਯੋਗ ਹੈ ਕਿ ਫਾਜ਼ਿਲਕਾ ਦੇ ਇਸ ਵਧੀਕ ਸੈਸ਼ਨ ਜੱਜ ਨੇ ਪਿਛਲੇ ਸਾਲ ਨਵੰਬਰ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵਿਰੁੱਧ ਨਸ਼ਿਆਂ ਦੇ ਕੇਸ ਵਿੱਚ ਗੈਰ-ਜ਼ਮਾਨਤੀ ਵਾਰੰਟ ਕੱਢੇ ਸਨ।
ਸ੍ਰੀ ਬੈਂਸ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਰ.ਟੀ.ਆਈ. ਤਹਿਤ ਜਿਹੜੇ ਦਸਤਾਵੇਜ਼ ਹਾਸਲ ਕੀਤੇ ਹਨ ਉਨ੍ਹਾਂ ਅਨੁਸਾਰ ਵਧੀਕ ਸੈਸ਼ਨ ਜੱਜ ਨੇ ਆਪਣੀ ਧੀ ਦਾ ਜਿਹੜਾ ਜਨਮ ਸਰਟੀਫਿਕੇਟ ਨਾਲ ਲਾਇਆ ਸੀ ਉਸ ਅਨੁਸਾਰ ਉਨ੍ਹਾਂ ਦੀ ਧੀ ਦੀ ਜਨਮ ਤਰੀਕ 28 ਜੁਲਾਈ 1997 ਹੈ ਤੇ ਜਨਮ ਜਲੰਧਰ ਦੇ ਹਸਪਤਾਲ ਵਿੱਚ ਹੋਇਆ ਸੀ। ਇਸ ਆਧਾਰ ’ਤੇ ਪਾਸਪੋਰਟ 12 ਜੁਲਾਈ 2000 ਨੂੰ ਜਾਰੀ ਹੋਇਆ ਸੀ, ਜਿਸ ਵਿੱਚ ਜਨਮ ਸਥਾਨ ਜਲੰਧਰ ਲਿਖਿਆ ਗਿਆ। ਸ੍ਰੀ ਬੈਂਸ ਨੇ ਹੋਰ ਦਸਤਾਵੇਜ਼ ਦਿਖਾਏ, ਜਿਸ ਵਿੱਚ ਵਧੀਕ ਸੈਸ਼ਨ ਜੱਜ ਨੇ ਆਪਣੀ ਧੀ ਦਾ ਜਨਮ ਸਰਟੀਫਿਕੇਟ 28 ਜੁਲਾਈ 1998 ਅਤੇ ਜਨਮ ਸਥਾਨ ਕਪੂਰਥਲਾ ਦੱਸਿਆ ਹੈ।  ਨਾਲ ਹੀ ਹਲਫੀਆ ਬਿਆਨ ਵੀ ਲੱਗਾ ਹੋਇਆ ਹੈ, ਜਿਹੜਾ ਵਧੀਕ ਸੈਸ਼ਨ ਜੱਜ ਤੇ ਉਨ੍ਹਾਂ ਦੀ ਪਤਨੀ ਵੱਲੋਂ ਸਾਂਝੇ ਤੌਰ ’ਤੇ ਦਿੱਤਾ ਗਿਆ ਹੈ।
ਕਪੂਰਥਲਾ ਦੇ ਐੱਸ.ਐੱਸ.ਪੀ. ਨੇ ਦੱਸਿਆ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਦਿੱਤੀ ਗਈ ਸ਼ਿਕਾਇਤ ਡੀ.ਐੱਸ.ਪੀ. ਕਪੂਰਥਲਾ ਨੂੰ ਜਾਂਚ ਵਾਸਤੇ ਭੇਜ ਦਿੱਤੀ ਗਈ ਹੈ।