ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਮਿਲ ਕੇ ਦੋਸ਼ ਲਾਇਆ ਕਿ ਰੇਤ ਖੱਡਾਂ ਦੀ ਬੋਲੀ ਲਈ ਅਸਿੱਧੇ ਢੰਗ ਨਾਲ ਸਿੰਜਾਈ ਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਰਕਮ ਜਮ੍ਹਾਂ ਕਰਵਾਈ ਹੈ।
ਸ੍ਰੀ ਖਹਿਰਾ ਨੇ ਮੁੱਖ ਸਕੱਤਰ ਤੋਂ ਮੰਗ ਕੀਤੀ ਕਿ ਸ੍ਰੀ ਰਾਣਾ ਨੂੰ ਤੁਰੰਤ ਮੰਤਰੀ ਮੰਡਲ ’ਚੋਂ ਬਰਖ਼ਾਸਤ ਕਰ ਕੇ ਮਾਮਲਾ ਸੀਬੀਆਈ ਹਵਾਲੇ ਕੀਤਾ ਜਾਵੇ। ਵਫ਼ਦ ਨੇ ਮੁੱਖ ਸਕੱਤਰ ਨੂੰ ਅਲਟੀਮੇਟਮ ਦਿੱਤਾ ਕਿ ਜੇ ਤੁਰੰਤ ਰਾਣਾ ਨੂੰ ਬਰਖ਼ਾਸਤ ਨਾ ਕੀਤਾ ਤਾਂ ਮਾਮਲਾ ਹਾਈ ਕੋਰਟ ਵਿੱਚ ਲਿਜਾਇਆ ਜਾਵੇਗਾ। ਮੁੱਖ ਸਕੱਤਰ ਨੂੰ ਮਿਲਣ ਤੋਂ ਬਾਅਦ ਸ੍ਰੀ ਖਹਿਰਾ ਨੇ ਪਾਰਟੀ ਵਿਧਾਇਕਾਂ ਪ੍ਰਿੰਸੀਪਲ ਬੁੱਧ ਰਾਮ, ਹਰਪਾਲ ਸਿੰਘ ਚੀਮਾ, ਬਲਦੇਵ ਸਿੰਘ ਜੈਤੋ, ਜਗਦੇਵ ਸਿੰਘ ਕਮਾਲੂ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਦਾਅਵਾ ਕੀਤਾ ਕਿ ਕਾਰਪੋਰੇਟ ਮਾਮਲਿਆਂ ਬਾਰੇ ਮੰਤਰਾਲੇ ਦੇ ਦਸਤਾਵੇਜ਼ਾਂ ਅਨੁਸਾਰ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਪੈਂਦੀਆਂ ਰੇਤ ਦੀਆਂ ਦੋ ਖੱਡਾਂ ਸੈਦਪੁਰ ਖੁਰਦ ਅਤੇ ਮਹਿਦੀਪੁਰ ਅਸਿੱਧੇ ਢੰਗ ਨਾਲ ਸ੍ਰੀ ਰਾਣਾ ਨੇ ਹੀ ਖਰੀਦੀਆਂ ਹਨ। ਉਨ੍ਹਾਂ ਪੱਤਰਕਾਰਾਂ ਨੂੰ ਦਸਤਾਵੇਜ਼ ਮੁਹੱਈਆ ਕਰਦਿਆਂ ਜਾਣਕਾਰੀ ਦਿੱਤੀ ਕਿ ਆਰਜੀਐਸ ਟਰੇਡਰਜ਼ ਪ੍ਰਾਈਵੇਟ ਲਿਮਟਿਡ ਕੰਪਨੀ 19 ਮਈ 1992 ਨੂੰ ਨੰਬਰ 12297 ਤਹਿਤ ਰਜਿਸਟਰਡ ਹੋਈ ਸੀ। ਇਸ ਕੰਪਨੀ ਦੇ ਮੁੱਢਲੇ ਡਾਇਰੈਕਟਰ ਰਾਣਾ ਗੁਰਜੀਤ ਸਿੰਘ ਅਤੇ ਰਾਣਾ ਹਰਦੀਪ ਸਿੰਘ ਸਨ।
ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਰਾਣਾ ਗੁਰਜੀਤ ਸਿੰਘ ਦੇ ਭਰਾ ਰਾਣਾ ਰਣਜੀਤ ਸਿੰਘ ਨੂੰ ਇਸ ਕੰਪਨੀ ਵਿੱਚ 15 ਅਕਤੂਬਰ 2003 ਅਤੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਨੂੰ 29 ਅਪਰੈਲ 2004 ਨੂੰ ਡਾਇਰੈਕਟਰ ਨਿਯੁਕਤ ਕੀਤਾ ਸੀ। ਦਸਤਾਵੇਜ਼ਾਂ ਅਨੁਸਾਰ ਆਰਜੀਐਸ ਟਰੇਡਰਜ਼ ਕੰਪਨੀ ਦਾ ਸੈਕਟਰ-8 ਚੰਡੀਗੜ੍ਹ ਸਥਿਤ ਦਰਸਾਇਆ ਪਤਾ ਅਤੇ ਈਮੇਲ ਆਈਡੀ ਵੀ  ਮੰਤਰੀ ਸ੍ਰੀ ਰਾਣਾ ਦੀ ਰਾਣਾ ਸ਼ੂਗਰ ਲਿਮਟਿਡ ਕੰਪਨੀ ਵਾਲਾ ਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕੰਪਨੀ ਦਾ 36 ਲੱਖ ਰੁਪਿਆ ਖੱਡਾਂ ਦੀ  ਬੋਲੀ ਵਿੱਚ ਲੱਗਿਆ ਹੈ। ਸ੍ਰੀ ਰਾਣਾ ਵੱਲੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਵਿੱਚ ਅੰਕਿਤ ਹੈ ਕਿ ਮੰਤਰੀ ਸ੍ਰੀ ਰਾਣਾ ਅਤੇ ਉਨ੍ਹਾਂ ਦੀ ਪਤਨੀ ਨੇ ਆਰਜੀਐਸ ਟਰੇਡਰਜ਼ ਕੰਪਨੀ ਕੋਲੋਂ 4.7 ਕਰੋੜ ਰੁਪਏ ਕਰਜ਼ਾ ਲਿਆ ਹੈ। ਇਸ ਤੋਂ ਇਲਾਵਾ ਹਲਫਨਾਮੇ ਵਿੱਚ ਮਾਈਨਿੰਗ ਮਾਮਲੇ ਦੀ ਜਾਂਚ ਕਰਨ ਵਾਲੇ ਨਾਰੰਗ ਕਮਿਸ਼ਨ ਵੱਲੋਂ ਖੱਡਾਂ ਖਰੀਦਣ ਵਾਲੀਆਂ ਕੰਪਨੀਆਂ ਦੀ ਸੂਚੀ ਵਿੱਚ ਦਰਜ ਦੋ ਕੰਪਨੀਆਂ ਆਰ.ਜੇ. ਟੈਕਸਫੈਬ ਲਿਮਟਿਡ ਅਤੇ ਜੇ.ਆਰ. ਬਿਲਡਰਜ਼ ਪ੍ਰਾਈਵੇਟ ਲਿਮਟਿਡ ਕੋਲੋਂ ਵੀ ਸ੍ਰੀ ਰਾਣਾ ਨੇ ਕ੍ਰਮਵਾਰ 5.46 ਕਰੋੜ ਅਤੇ 4.64 ਕਰੋੜ ਰੁਪਏ ਕਰਜ਼ਾ ਲੈਣ ਦੇ ਤੱਥ ਅੰਕਿਤ ਹਨ।
‘ਆਪ’ ਆਗੂ ਨੇ ਦੱਸਿਆ ਕਿ ਸ੍ਰੀ ਰਾਣਾ ਦੇ ਦੋ ਸਾਬਕਾ ਮੁਲਾਜ਼ਮਾਂ ਅਮਿਤ ਬਹਾਦਰ ਅਤੇ ਕੁਲਵਿੰਦਰ ਪਾਲ ਸਿੰਘ ਵੱਲੋਂ ਲਈਆਂ ਦੋ ਖੱਡਾਂ ਦੀ 50 ਫੀਸਦ ਰਾਸ਼ੀ ਰਾਜਬੀਰ ਐਂਟਰਪ੍ਰਾਈਜ਼ਿਜ਼ ਕੰਪਨੀ ਨੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਭਾਵੇਂ ਸ੍ਰੀ ਰਾਣਾ ਨੇ ਦਾਅਵਾ ਕੀਤਾ ਹੈ ਕਿ ਅਮਿਤ ਬਹਾਦਰ ਤੇ ਕੁਲਵਿੰਦਰਪਾਲ ਸਿੰਘ 19 ਤੇ 20 ਮਈ 2017 ਨੂੰ ਖੱਡਾਂ ਦੀ ਬੋਲੀ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਕੰਪਨੀ ਤੋਂ ਅਸਤੀਫ਼ਾ ਦੇ ਚੁੱਕੇ ਸਨ ਪਰ ਦਸਤਾਵੇਜ਼ਾਂ ਤੋਂ ਸਪੱਸ਼ਟ ਹੈ ਕਿ ਅਮਿਤ ਸ੍ਰੀ ਰਾਣਾ ਦੀਆਂ ਕੰਪਨੀਆਂ ਦਾ 29 ਮਈ 2017 ਤੱਕ ਡਾਇਰੈਕਟਰ ਰਿਹਾ। ਦੂਜੇ ਪਾਸੇ ਸ੍ਰੀ ਰਾਣਾ ਪਹਿਲਾਂ ਹੀ ਵਾਰ-ਵਾਰ ਸ੍ਰੀ ਖਹਿਰਾ ਦੇ ਦੋਸ਼ਾਂ ਨੂੰ ਰੱਦ ਕਰਦੇ ਆ ਰਹੇ ਹਨ।