ਸ੍ਰੀ ਆਨੰਦਪੁਰ ਸਾਹਿਬ,  ਸ਼ਿਵਾਲਿਕ ਦੀਆਂ ਪਹਾੜੀਆਂ ’ਚ ਵਸਦੀ ਸ੍ਰੀ ਆਨੰਦਪੁਰ ਸਾਹਿਬ ਤਹਿਸੀਲ ਅੰਦਰ ਮਾਈਨਿੰਗ ਮਾਫੀਆ ਦਾ ਕਹਿਰ ਬੇਖੌਫ਼ ਜਾਰੀ ਹੈ। ਇਹੀ ਕਾਰਨ ਹੈ ਕਿ ਇਸ ਇਤਿਹਾਸਿਕ ਧਰਤੀ ਨੂੰ ਦੁਆਬੇ ਤੇ ਮਾਝੇ ਦੇ ਨਾਲ ਜੋੜਨ ਵਾਲੇ ਇਕਲੌਤੇ ਇੱਕ ਕਿਲੋਮੀਟਰ ਲੰਮੇ ਪੁਲ ਦੀ ਹੋਂਦ ਖਤਰੇ ਵਿੱਚ ਆ ਚੁੱਕੀ ਹੈ। ਪਹਿਲਾਂ ਇਹ ਖਣਨ ਗਠਜੋੜ ਸਰਕਾਰ ਕਰਵਾ ਰਹੀ ਸੀ ਅਤੇ ਹੁਣ ਕਾਂਗਰਸ ਅੱਗੇ ਆ ਗਈ ਹੈ, ਪਰ ਪ੍ਰਸ਼ਾਸਨ, ਮਾਈਨਿੰਗ ਵਿਭਾਗ ਅਤੇ ਮੌਜੂਦਾ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ।
ਇਸ ਸਬੰਧੀ ਅੱਜ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਰਟੀਆਈ ਕਾਰਕੁਨ ਦਿਨੇਸ਼ ਚੱਢਾ ਦੇ ਕਹਿਣ ’ਤੇ ਇਸ ਖਿੱਤੇ ਦਾ ਦੌਰਾ ਕੀਤਾ। ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜੋ ਨਜਾਇਜ਼ ਖਣਨ ਬੰਦ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਸ ਦੇ ਬਿਲਕੁਲ ਉਲਟ ਸ੍ਰੀ ਆਨੰਦਪੁਰ ਸਾਹਿਬ ਵਿੱਚ ਇਹ ਕਾਲਾ ਕਾਰੋਬਾਰ ਧੜੱਲੇ ਨਾਲ ਜਾਰੀ ਹੈ।
ਉਨ੍ਹਾਂ ਕਿਹਾ ਕਿ ਇਹ ਇਲਾਕਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦਾ ਹਲਕਾ ਹੈ ਅਤੇ ਉਹ ਪਿਛਲੀ ਸਰਕਾਰ ਵੇਲੇ ਧਰਨੇ ਮੁਜ਼ਾਹਰੇ ਕਰਦੇ ਰਹੇ ਹਨ, ਪਰ ਹੁਣ ਇੱਥੇ ਵੱਡੇ ਪੱਧਰ ’ਤੇ ਗ਼ੈਰਕਾਨੂੰਨੀ ਖਣਨ ਹੋ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਨਾਜਾਇਜ਼ ਖਣਨ ਨੂੰ ਰੋਕਣ ਸਬੰਧੀ ਪ੍ਰਸ਼ਾਸਨ ਨੂੰ ਹਿਦਾਇਤ ਕਰਨ ਤੇ ਖੁ਼ਦ ਸਤਲੁਜ ਦਰਿਆ ਦੇ ਇਸ ਖਿੱਤੇ ਦਾ ਦੌਰਾ ਕਰਨ।
‘ਆਪ’ ਵੱਲੋਂ ਲੋਕ ਸਭਾ ਲਈ 5 ਉਮੀਦਵਾਰਾਂ ਦੇ ਕੀਤੇ ਐਲਾਨ ਬਾਰੇ ਪੁੱਛਣ ’ਤੇ ਖਹਿਰਾ ਨੇ ਕਿਹਾ ਕਿ ਸਵਰਾਜ ਦੀ ਵਿਚਾਰਧਾਰਾ ਰੱਖਣ ਵਾਲੀ ‘ਆਪ’ ਅੱਜ ਬਿਨਾਂ ਵਾਲੰਟੀਅਰਾਂ ਨੂੰ ਪੁੱਛੇ ਟਿਕਟਾਂ ਵੰਡ ਰਹੀ ਹੈ। ਪਰ ਪਾਰਟੀ ਨੂੰ 8 ਦਿਨਾਂ ਦਾ ਹੋਰ ਸਮਾਂ ਦਿੱਤਾ ਗਿਆ ਹੈ ਅਤੇ ਅਗਲੀ ਰਣਨੀਤੀ ਉਸ ਤੋਂ ਬਾਅਦ ਹੀ ਤੈਅ ਕੀਤੀ ਜਾਵੇਗੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਹੋਰਨਾਂ ਪਾਰਟੀਆਂ ਅਤੇ ਹਮਖਿਆਲੀ ਆਗੂਆਂ ਨਾਲ ਵੀ ਗੱਲਬਾਤ ਜਾਰੀ ਹੈ।
ਪੂਰੀ ਤਨਦੇਹੀ ਨਾਲ ਲੋਕ ਮਸਲਿਆਂ ਦੀ ਪਹਿਰੇਦਾਰੀ ਕੀਤੀ: ਰਾਣਾ
ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਸ਼ੁਰੂ ਕੀਤੀ ਸਫਾਈ ਮੁਹਿੰਮ ’ਚ ਹਿੱਸਾ ਲੈਣ ਪੁੱਜੇ ਰਾਣਾ ਕੇ ਪੀ ਸਿੰਘ ਨੇ ਖਹਿਰਾ ਵੱਲੋਂ ਦਿੱਤੀ ਸਲਾਹ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਉਹ ਜਦੋਂ ਦੇ ਸੱਤਾ ’ਚ ਆਏ ਹਨ, ਪੂਰੀ ਤਰ੍ਹਾਂ ਨਾਲ ਲੋਕ ਮਸਲਿਆਂ ਦੀ ਪਹਿਰੇਦਾਰੀ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪਹਿਲਾਂ ਦੇ ਮੁਕਾਬਲੇ ਨਾਜਾਇਜ਼ ਮਾਈਨਿੰਗ ’ਚ ਜ਼ਿਕਰਯੋਗ ਕਮੀ ਦਰਜ ਕੀਤੀ ਗਈ ਹੈ।