ਸੰਗਰੂਰ: ਇਸ ਵੇਲੇ ਜਦੋਂ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ `ਚ ਵੱਡਾ ਸੰਕਟ ਚੱਲ ਰਿਹਾ ਹੈ ਤੇ ਸੁਖਪਾਲ ਸਿੰਘ ਖਹਿਰਾ ਧੜੇ ਨੇ ਪਿੰਡਾਂ `ਚ ‘ਆਪ` ਆਗੂਆਂ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੋਇਆ ਹੈ – ਉਸ ਦਾ ਅਸਰ ਅੱਜ ਬਰਨਾਲਾ ਜਿ਼ਲ੍ਹੇ ਦੇ ਪਿੰਡ ਪੰਡੋਰੀ `ਚ ਵੇਖਣ ਨੁੰ ਮਿਲਿਆ, ਜਦੋਂ ਪਾਰਟੀ ਦੇ ਵਲੰਟੀਅਰਾਂ ਨੇ ਸੀਨੀਅਰ ਪਾਰਟੀ ਆਗੂ ਤੇ ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਦਾ ਵਿਰੋਧ ਕੀਤਾ, ਜਿਸ ਕਰਕੇ ਮਾਨ ਨੂੰ ਕੁਝ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਅੱਜ ਸੋਮਵਾਰ ਨੂੰ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੀਆਂ ਅੰਤਿਮ ਰਸਮਾਂ `ਚ ਸ਼ਾਮਲ ਹੋਣ ਲਈ ਪੁੱਜੇ ਸਨ। ਸ੍ਰੀ ਕਾਕਾ ਸਿੰਘ ਦਾ ਦੇਹਾਂਤ ਐਤਵਾਰ ਨੂੰ ਹੋ ਗਿਆ ਸੀ।
ਰੋਸ ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਉਨ੍ਹਾਂ ਸਾਰੇ ਪਾਰਟੀ ਵਲੰਟੀਅਰਾਂ ਨੂੰ ਹੀ ਆਰਐੱਸਐੱਸ ਦੇ ਏਜੰਟ ਕਰਾਰ ਦੇ ਰਹੇ ਹਨ, ਜਿਨ੍ਹਾਂ ਨੇ 2 ਅਗਸਤ ਨੂੰ ਸੁਖਪਾਲ ਸਿੰਘ ਖਹਿਰਾ ਦੇ ਸੱਦੇ `ਤੇ ਬਠਿੰਡਾ `ਚ ਕੀਤੀ ਗਈ ਕਨਵੈਨਸ਼ਨ ਵਿੱਚ ਭਾਗ ਲਿਆ ਸੀ।
‘ਆਪ` ਵਲੰਟੀਅਰ ਅਮਨਦੀਪ ਸਿੰਘ ਟੱਲੇਵਾਲ ਨੇ ਦੱਸਿਆ ਕਿ ਲਗਭਗ ਪੰਜ ਵਰਕਰ ਉੱਥੇ ਸਿਰਫ਼ ਗੱਲਬਾਤ ਲਈ ਗਏ ਸਨ ਪਰ ਭਗਵੰਤ ਮਾਨ ਨੇ ਉਨ੍ਹਾਂ ਦੀ ਕੋਈ ਪਰਵਾਹ ਨਹੀਂ ਕੀਤੀ। ਅਮਨਦੀਪ ਸਿੰਘ ਟੱਲੇਵਾਲ ਨੇ ਕਿਹਾ,‘ਅਸੀਂ ਸਿੱਖ ਹਾਂ ਪਰ ਭਗਵੰਤ ਮਾਨ ਸਾਨੂੰ ਆਰਐੱਸਐੱਸ ਤੇ ਭਾਜਪਾ ਦੇ ਏਜੰਟ ਦੱਸ ਰਹੇ ਹਨ, ਜਿਸ ਨਾਲ ਸਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਦੇ ਪ੍ਰਤੀਬੱਧ ਵਰਕਰ ਹਾਂ। ਐੱਮਪੀ ਭਗਵੰਤ ਮਾਨ ਜਦੋਂ ਸ਼ਮਸ਼ਾਨਘਾਟ ਤੋਂ ਬਾਹਰ ਆਏ, ਤਦ ਅਸੀਂ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਜਤਨ ਕੀਤਾ ਪਰ ਉਹ ਚੁੱਪਚਾਪ ਕਾਰ ਦੇ ਸਾਰੇ ਦਰਵਾਜ਼ੇ ਬੰਦ ਕਰ ਕੇ ਬੈਠ ਗਏ ਅਤੇ ਅਸੀਂ ਸਾਰੇ ਸੁੰਨ ਰਹਿ ਗਏ।`
ਅਮਨਦੀਪ ਨੇ ਕਿਹਾ,‘ਮਾਨ ਨੇ ਮੈਨੂੰ ਕਿਹਾ ਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ ਪਰ ਮੈਂ ਜਵਾਬ `ਚ ਆਖਿਆ ਕਿ 2019 ਦੀਆਂ ਚੋਣਾਂ ਨੇੜੇ ਹਨ; ਤੁਹਾਨੂੰ ਸਾਡੀਆਂ ਵੋਟਾਂ ਲਈ ਸਾਡੇ ਤੱਕ ਪਹੁੰਚ ਕਰਨੀ ਪਵੇਗੀ। ਉਨ੍ਹਾਂ ਉਸ ਸਥਾਨ ਤੋਂ ਜਾਣ ਦਾ ਜਤਨ ਕੀਤਾ ਅਤੇ ਅਸੀਂ ਉਨ੍ਹਾਂ ਖਿ਼ਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਇਸ `ਤੇ ਉਨ੍ਹਾਂ ਦੇ ਸੁਰੱਖਿਆ ਬਾਊਂਸਰ ਭੜਕ ਗਏ।`
ਇਸ ਦੌਰਾਨ ਭਗਵੰਤ ਮਾਨ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਮੌਕਿਆਂ `ਤੇ ਇਹ ਕੁਝ ਨਹੀਂ ਵਾਪਰਨਾ ਚਾਹੀਦਾ। ਉਨ੍ਹਾਂ ਕਿਹਾ,‘ਇੱਕ ਪਾਸੇ ਤਾਂ ਸਾਡੇ ਵਿਧਾਇਕ ਦੇ ਪਿਤਾ ਦੀ ਅਰਥੀ ਪਈ ਹੈ ਤੇ ਦੂਜੇ ਪਾਸੇ ਉਹ ਨਾਅਰੇਬਾਜ਼ੀ ਕਰ ਰਹੇ ਹਨ। ਗੱਲਬਾਤ ਲਈ ਉਹ ਕੋਈ ਵਾਜਬ ਮੰਚ ਨਹੀਂ ਸੀ।`
ਭਗਵੰਤ ਮਾਨ ਨੇ ਸੋਮਵਾਰ ਨੂੰ ਭਦੌੜ ਹਲਕੇ `ਚ ਗ੍ਰਾਂਟਾਂ ਵੀ ਵੰਡੀਆਂ ਪਰ ਸਥਾਨਕ ਵਿਧਾਇਕ ਪਿਰਮਲ ਸਿੰਘ ਉੱਥੇ ਮੌਜੂਦ ਨਹੀਂ ਸਨ। ਸੰਗਰੂਰ ਦੇ ਐੱਮਪੀ ਭਗਵੰਤ ਮਾਨ ਨੇ ਦੱਸਿਆ ਕਿ ਇਹ ਵਿਧਾਨ ਸਭਾ ਹਲਕਾ ਵੀ ਉਨ੍ਹਾਂ ਦੇ ਸੰਸਦੀ ਹਲਕੇ ਅਧੀਨ ਆਉਂਦਾ ਹੈ।