ਚੰਡੀਗੜ੍ਹ, ਆਮ ਆਦਮੀ ਪਾਰਟੀ ਦੀ ਅੱਜ ਇਥੇ ਹੋਈ ਹੰਗਾਮੀ ਮੀਟਿੰਗ ਵਿੱਚ ਪਾਰਟੀ ਵਿਰੁੱਧ ਬਾਗੀ ਸੁਰਾਂ ਚੁੱਕਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਿਰੁੱਧ ਬਿਨਾਂ ਦੇਰੀ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ। ਇਸ ਕਾਰਨ ਹੁਣ ਦੋਵਾਂ ਧਿਰਾਂ ਵਿਚਕਾਰ ਕੋਈ ਸਮਝੌਤਾ ਹੋਣ ਦੀ ਸੰਭਾਵਨਾ ਹੋਰ ਮੱਧਮ ਹੋ ਗਈ ਹੈ ਕਿਉਂਕਿ ਬਾਗੀ ਧੜਾ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਉਹ ਬਠਿੰਡਾ ਕਨਵੈਨਸ਼ਨ ਵਿੱਚ ਪਾਸ ਕੀਤੇ 6 ਮਤਿਆਂ ਤੋਂ ਕਿਸੇ ਵੀ ਹਾਲਤ ਵਿਚ ਪਿੱਛੇ ਨਹੀਂ ਹਟਣਗੇ। ਮੀਟਿੰਗ ਵਿਚ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਵਿਧਾਇਕ ਮੀਤ ਹੇਅਰ ਅਤੇ ਪੰਜਾਬ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਸਮੇਤ ਪੰਜੇ ਜ਼ੋਨ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਸਰਕਲ ਪ੍ਰਧਾਨ ਅਤੇ ਹੋਰ ਆਗੂ ਸ਼ਾਮਲ ਸਨ। ਸੂਤਰਾਂ ਅਨੁਸਾਰ ਮੀਟਿੰਗ ਵਿੱਚ 5 ਦੇ ਕਰੀਬ ਜ਼ਿਲ੍ਹਾ ਪ੍ਰਧਾਨ ਹੀ ਗੈਰਹਾਜ਼ਰ ਸਨ। ਸੂਤਰਾਂ ਅਨੁਸਾਰ ਮੀਟਿੰਗ ਦੌਰਾਨ ਤਕਰੀਬਨ ਸਾਰੇ ਆਗੂਆਂ ਨੇ ਸ੍ਰੀ ਖਹਿਰਾ ਤੇ ਸ੍ਰੀ ਸੰਧੂ ਵਿਰੁੱਧ ਇਕਸੁਰ ਹੋ ਕੇ ਸਿਆਸੀ ਬੰਬਾਰੀ ਕੀਤੀ ਅਤੇ ਦੋਸ਼ ਲਾਇਆ ਕਿ ਇਨ੍ਹਾਂ ਦੋਵਾਂ ਵਿਧਾਇਕਾਂ ਵੱਲੋਂ ਪਾਰਟੀ ਨੂੰ ਤੋੜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੂਤਰਾਂ ਅਨੁਸਾਰ ਪੰਜਾਬ ਦੀ ਲੀਡਰਸ਼ਿਪ ਅੱਜ ਹੀ ਇਸ ਮਤੇ ਬਾਰੇ ਦਿੱਲੀ ਸੰਪਰਕ ਕਰਕੇ ਕੌਮੀ ਨੇਤਾਵਾਂ ਨਾਲ ਚਰਚਾ ਕਰ ਰਹੀ ਹੈ, ਜਿਸ ਤੋਂ ਸੰਕੇਤ ਮਿਲੇ ਹਨ ਕਿ ਇਨ੍ਹਾਂ ਦੋਵਾਂ ਵਿਧਾਇਕਾਂ ਵਿਰੁੱਧ ਜਲਦ ਹੀ ਕੋਈ ਕਾਰਵਾਈ ਹੋ ਸਕਦੀ ਹੈ।
ਮੀਟਿੰਗ ਵਿੱਚ 13 ਅਗਸਤ ਨੂੰ ਸੂਬਾਈ ਲੀਡਰਸ਼ਿਪ ਦੀ ਜਲੰਧਰ ਵਿੱਚ ਸੱਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਅਤੇ 15 ਅਗਸਤ ਨੂੰ ਈਸੜੂ ਸ਼ਹੀਦੀ ਦਿਵਸ ਮੌਕੇ ਪੁੱਜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 26 ਅਗਸਤ ਨੂੰ ਬਾਬਾ ਬਕਾਲਾ ਵਿਖੇ ਰੱਖੜ ਪੁਨਿਆਂ ਮੌਕੇ ਵਿਸ਼ਾਲ ਕਾਨਫਰੰਸ ਕਰਨ ਦਾ ਫੈਸਲਾ ਲਿਆ ਗਿਆ ਹੈ। ਭਗਵੰਤ ਮਾਨ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਦੱਸਿਆ ਕਿ ਸਮੁੱਚੀ ਲੀਡਰਸ਼ਿਪ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕਿਹਾ ਹੈ ਕਿ ਖਹਿਰਾ ਤੇ ਸੰਧੂ ਨੇ ਪਾਰਟੀ ਨੂੰ ਤੋੜਣ ਲਈ ਕੋਈ ਕਸਰ ਨਹੀਂ ਛੱਡੀ, ਇਸ ਲਈ ਇਨ੍ਹਾਂ ਦੋਵਾਂ ਵਿਧਾਇਕਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਜਿਸ ਉਪਰ ਵਿਚਾਰ ਕੀਤਾ ਜਾ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਵਿਧਾਇਕਾਂ ਨੇ ਬਾਕੀ 6 ਵਿਧਾਇਕਾਂ ਨੂੰ ਵਰਗਲਾਇਆ ਹੈ ਅਤੇ ਉਨ੍ਹਾਂ ਕੋਲ ਪਹੁੰਚ ਕਰਕੇ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੀਡਰਸ਼ਿਪ ਨੇ ਕੇਵਲ ਸ੍ਰੀ ਸੰਧੂ ਤੇ ਸ੍ਰੀ ਖਹਿਰਾ ਵਿਰੁੱਧ ਹੀ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਪਾਰਟੀ ਵਿੱਚ ਖੁਦਮੁਖਤਿਅਰੀ ਲਿਆਉਣ ਦਾ ਕੋਈ ਮੁੱਦਾ ਨਹੀਂ ਹੈ ਅਤੇ ਸ੍ਰੀ ਖਹਿਰਾ ਤੇ ਸ੍ਰੀ ਸੰਧੂ ਨੇ ਪਾਰਟੀ ਵਿਚ ਸਭ ਤੋਂ ਵੱਧ ਆਪਣੀਆਂ ਪੁਗਾਈਆਂ ਹਨ। ਇਨ੍ਹਾਂ ਜਿਥੇ ਟਿਕਟਾਂ ਆਪਣੀ ਮਰਜ਼ੀ ਦੀਆਂ ਲਈਆਂ ਸਨ ਉਥੇ ਉਨ੍ਹਾਂ ਦੀ ਹਰੇਕ ਮੁੱਦੇ ’ਤੇ ਸੁਣੀ ਜਾਂਦੀ ਰਹੀ ਹੈ। ਜੇ ਸ੍ਰੀ ਖਹਿਰਾ ਦੀ ਪਾਰਟੀ ਵੱਲੋਂ ਸਭ ਤੋਂ ਵੱਡਾ ਸੰਵਿਧਾਨਕ ਅਹੁੱਦਾ ਲੈ ਕੇ ਤਸੱਲੀ ਨਹੀਂ ਹੋਈ ਤਾਂ ਫਿਰ ਇਸ ਦਾ ਕੋਈ ਹੱਲ ਨਹੀਂ ਹੈ। ਸ੍ਰੀ ਮਾਨ ਨੇ ਕਿਹਾ ਕਿ ਫਿਲਹਾਲ ਉਹ ਬਤੌਰ ਵਾਲੰਟੀਅਰ ਹੀ ਪਾਰਟੀ ਵਿਚਲੇ ਸੰਕਟ ਨੂੰ ਦੂਰ ਕਰਨ ਲਈ ਸਰਗਰਮ ਹੋਏ ਹਨ ਅਤੇ ਸਾਰੇ ਪੰਜਾਬ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਕਰਕੇ ਵਾਲੰਟੀਅਰਾਂ ਨੂੰ ਪਾਰਟੀ ਨੂੰ ਤੋੜਣ ਦੀ ਰਚੀ ਜਾ ਰਹੀ ਸਾਜ਼ਿਸ਼ ਬਾਰੇ ਸੁਚੇਤ ਕੀਤਾ ਜਾਵੇਗਾ। ਉਨ੍ਹਾਂ ਖਾਸ ਕਰਕੇ ਐਨਆਰਆਈਜ਼ ਨੂੰ ਬਾਗੀ ਧਿਰ ਵੱਲੋਂ ਕੀਤੇ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਤੋਂ ਸਾਵਧਾਨ ਹੋਣ ਦੀ ਅਪੀਲ ਕੀਤੀ।
ਪਾਰਟੀ ਨੇ ਆਪਣੇ ਬੁਲਾਰੇ ਬੂਟਾ ਸਿੰਘ ਵੈਰਾਗੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਦੂਜੇ ਪਾਸੇ ਬਾਗ਼ੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਡਾ. ਬਲਬੀਰ ਸਿੰਘ ਕੋਲ ਹੁਣ ਕੋਈ ਅਹੁਦਾ ਖੋਹਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਉਹ ਪੰਜਾਬ ਬਾਡੀ ਨੂੰ 2 ਅਗਸਤ ਨੂੰ ਹੀ ਭੰਗ ਕਰ ਚੁੱਕੇ ਹਨ।