— ਛੇ ਵਿਧਾਇਕਾਂ ਨੇ ਮੌਜੂਦ ਕਾਰਕੁੰਨਾਂ ਦੀ ਸਹਿਮਤੀ ਨਾਲ ਪਾਰਟੀ ਨੂੰ ਸਰਬਸੰਮਤੀ ਨਾਲ ਕੀਤਾ ਭੰਗ
— ਹਰਪਾਲ ਚੀਮਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਨਿਯੁਕਤੀ ਕੀਤੀ ਰੱਦ
ਬਠਿੰਡਾ- ਸੁਖਪਾਲ ਖਹਿਰਾ ਦੀ ਅਗਵਾਈ ਹੇਠ ਅੱਜ ਬਠਿੰਡਾ `ਚ ਹੋਈ ਕਨਵੈਨਸ਼ਨ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੋਫਾੜ ਹੋ ਗਈ। ਮੌਜੁਦ ਇਕੱਠ ਨੇ ਸਰਬਸੰਮਤੀ ਨਾਲ ਪੰਜਾਬ ਦੀ ਪਾਰਟੀ ਨੂੰ ਖ਼ੁਦਮੁਖ਼ਤਿਆਰ ਬਣਾਉਣ ਤੇ ਪੰਜਾਬ ਦੇ ਹੱਕ ਵਿਚ ਫ਼ੈਸਲੇ ਖ਼ੁਦ ਲੈਣ ਦਾ ਐਲਾਨ ਕੀਤਾ। ਸੁਖਪਾਲ ਖਹਿਰਾ ਨੂੰ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਨੂੰ ਗ਼ੈਰ-ਸੰਵਿਧਾਨਕ ਕਰਾਰ ਦੇ ਕੇ ਸਖ਼ਤ ਨਿਖੇਧੀ ਕੀਤੀ ਗਈ।
ਇਸ ਲਈ ਬਾਕਾਇਦਾ ਛੇ ਮਤੇ ਪਾਸ ਹੋਏ। ਜਿਨ੍ਹਾਂ `ਚ ਪਹਿਲਾ ਮਤਾ ਤਾਂ ਪੰਜਾਬ `ਚ ਪਾਰਟੀ ਨੂੰ ਖ਼ੁਦਮੁਖਤਿਆਰ ਬਣਾਉਣਾ ਹੀ ਸੀ ਤੇ ਦੂਜਾ ਮਤਾ ਵਰਤਮਾਨ ਜੱਥੇਬੰਦੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਗਿਆ। ਇਹ ਆਖਿਆ ਗਿਆ ਕਿ ਅੱਜ ਬਠਿੰਡਾ ਦੀ ਕਨਵੈਨਸ਼ਨ `ਚ ਮੌਜੂਦ ਸਾਰੇ ਵਿਧਾਇਕ ਦਿੱਲੀ ਗਏ ਸਨ ਪਰ ਉਨ੍ਹਾਂ ਨੂੰ ਨਕਾਰ ਦਿੱਤਾ ਗਿਆ।
ਤੀਜੇ ਮਤੇ ਰਾਹੀਂ ਵਿਧਾਨ ਸਭਾ `ਚ ਖਹਿਰਾ ਹੁਰਾਂ ਦੀ ਨਿਡਰਤਾ ਦੀ ਸ਼ਲਾਘਾ ਕੀਤੀ ਗਈ। ਚੌਥੇ ਮਤੇ ਰਾਹੀਂ ਸੁਖਪਾਲ ਖਹਿਰਾ ਨੂੰ ਹਟਾਉਣ ਦੀ ਨਿਖੇਧੀ ਕਰਦਿਆਂ ਵਿਰੋਧੀ ਧਿਰ ਦਾ ਨਵਾਂ ਨੇਤਾ ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ। ਇੰਝ ਹਰਪਾਲ ਸਿੰਘ ਚੀਮਾ ਦੀ ਨਿਯੁਕਤੀ ਨੂੰ ਮੁੱਢੋਂ ਰੱਦ ਕਰ ਦਿੱਤਾ ਗਿਆ।
ਪੰਜਵੇਂ ਮਤੇ `ਚ ਆਖਿਆ ਗਿਆ ਕਿ ਆਉਂਦੀ 12 ਅਗਸਤ ਤੋਂ ਹੁਸਿ਼ਆਰਪੁਰ ਤੋਂ ਜਿ਼ਲ੍ਹਾ ਪੱਧਰੀ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਪਿੰਡਾਂ `ਚ ਜਾ-ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਕੀਤੀ ਗਈ। ਇਹ ਵੀ ਕਿਹਾ ਗਿਆ ਕਿ ਜਿਹੜੇ ਵਿਧਾਇਕ ਵਫ਼ਾਦਾਰੀ ਨਹੀਂ ਨਿਭਾ ਸਕੇ, ਉਨ੍ਹਾਂ ਨੂੰ ਪਿੰਡਾਂ `ਚ ਨਹੀਂ ਵੜਨ ਦੇਣਾ ਚਾਹੀਦਾ।
ਛੇਵੇਂ ਮਤੇ `ਚ ਕਿਹਾ ਗਿਆ ਕਿ ਭਾਵੇਂ ਕੁਝ ਵੀ ਹੋ ਜਾਵੇ, ਪੰਜਾਬ `ਚ ਕਿਤੇ ਵੀ ਕੋਈ ਹਿੰਸਕ ਕਾਰਵਾਈ ਨਹੀਂ ਕਰਨੀ; ਜਿੱਥੇ ਵੀ ਖੜ੍ਹਨਾ ਹੈ, ਦਲੀਲਾਂ ਨਾਲ ਖਲੋਣਾ ਹੈ। ਐੱਨਆਰਆਈ ਪੰਜਾਬੀਆਂ ਦੀ ਭੂਮਿਕਾ ਦੀ ਜ਼ੋਰਦਾਰ ਸ਼ਲਾਘਾ ਕੀਤੀ ਗਈ।
ਆਪਣੇ ਭਾਸ਼ਣ `ਚ ਸੁਖਪਾਲ ਖਹਿਰਾ ਨੇ ਕਿਹਾ ਕਿ ਜੇ ਪੰਜਾਬ ਦੇ ਲੋਕਾਂ ਨੇ ਉਨ੍ਹਾਂ `ਚ ਭਰੋਸਾ ਪ੍ਰਗਟਾਇਆ, ਤਾਂ ਉਹ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਵਾਇਆ ਜਾਵੇਗਾ ਤੇ ਪੀੜਤਾਂ ਦੀ ਹਰ ਤਰ੍ਹਾਂ ਦੀ ਬਣਦੀ ਮਦਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹੁਣ ਦਿੱਲੀ `ਚ ਬੈਠੇ ਆਗੂਆਂ ਦੇ ਫ਼ੈਸਲੇ ਪੰਜਾਬ `ਚ ਮਨਜ਼ੂਰ ਨਹੀਂ ਕੀਤੇ ਜਾਣਗੇ ਕਿਉਂਕਿ ਉਹ ਜਦੋਂ ਮਰਜ਼ੀ ਕਿਸੇ ਨੂੰ ਵੀ ਉਸ ਦੇ ਅਹੁਦੇ ਤੋਂ ਲਾਂਭੇ ਕਰ ਸਕਦੇ ਹਨ।
ਸੁਖਪਾਲ ਖਹਿਰਾ ਨੇ ਕਿਹਾ ਕਿ ਜਿਸ ਨੇ ਵੀ ਆਮ ਆਦਮੀ ਪਾਰਟੀ `ਚ ਥੋੜ੍ਹੀ ਸਹੀ ਗੱਲ ਕਰਨ ਦੀ ਗੱਲ ਕੀਤੀ, ਉਸ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ। ਇਨ੍ਹਾਂ ਹੀ ਕਾਰਨਾਂ ਕਰ ਕੇ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ `ਚ ਪਾਰਟੀ ਦੀ ਵੱਡੀ ਹਾਰ ਹੋਈ।
ਉੱਧਰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਖਹਿਰਾ ਦੀ ਰੈਲੀ ਨੂੰ ‘ਫ਼ਲਾਪ ਸ਼ੋਅ` ਆਖਦੇ ਵੀ ਵੇਖੇ ਗਏ।