ਨਵੀਂ ਦਿੱਲੀ, 23 ਅਗਸਤ
ਦੇਸ਼ ਦੇ ਨੰਬਰ ਇੱਕ ਸੌਰਵ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਸਮੇਤ 554 ਖਿਡਾਰੀ ਤੋਂ 26 ਅਗਸਤ ਤੱਕ ਗਰੇਟਰ ਨੋਇਡਾ ਸਥਿਤ ਸ਼ਿਵ ਨਾਦਰ ਯੂਨੀਵਰਸਿਟੀ ’ਚ ਹੋਣ ਵਾਲੀ ਐਚਸੀਐੱਲ 74ਵੀਂ ਕੌਮੀ ਸਕੁਐਸ਼ ਚੈਂਪੀਅਨਸ਼ਿਪ ’ਚ ਹਿੱਸਾ ਲੈਣਗੇ।
ਭਾਰਤੀ ਸਕੁਐਸ਼ ਰੈਕੇਟ ਫੈਡਰੇਸ਼ਨ (ਐਸਆਰਐਫਆਈ) ਦੇ ਕੌਮੀ ਸਕੁਐਸ਼ ਵਿਕਾਸ ਅਧਿਕਾਰੀ ਹਰੀਸ਼ ਪ੍ਰਸਾਦ ਤੇ ਐਚਸੀਐਲ ਕਾਰਪੋਰੇਸ਼ਨ ਦੇ ਮੁੱਖ ਰਣਨੀਤੀ ਅਧਿਕਾਰੀ ਸੁੰਦਰ ਮਹਾਲਿੰਗਮ ਨੇ ਦੇਸ਼ ਦੇ ਨੰਬਰ ਇੱਕ ਖਿਡਾਰੀਆਂ ਸੌਰਭ ਘੋਸ਼ਾਲ ਤੇ ਜੋਸ਼ਨਾ ਚਿਨੱਪਾ ਦੀ ਮੌਜੂਦਗੀ ’ਚ ਮੰਗਲਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ’ਚ ਇਹ ਐਲਾਨ ਕੀਤਾ। ਹਰੀਸ਼ ਨੇ ਦੱਸਿਆ ਕਿ ਮੁਕਾਬਲੇ ’ਚ 25 ਸੂਬਿਆਂ ਤੇ 554 ਖਿਡਾਰੀ ਨੌਂ ਵੱਖ ਵੱਖ ਵਰਗਾਂ ਦੇ ਮੁਕਾਬਲਿਆਂ ’ਚ ਹਿੱਸਾ ਲੈਣਗੇ। ਟੂਰਨਾਮੈਂਟ ’ਚ 11 ਲੱਖ ਰੁਪਏ ਤੋਂ ਵੱਧ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ ਅਤੇ ਪੁਰਸ਼ ਤੇ ਮਹਿਲਾ ਜੇਤੂ ਖਿਡਾਰੀਆਂ ਨੂੰ ਬਰਾਬਰ ਇਨਾਮੀ ਰਾਸ਼ੀ ਮਿਲੇਗੀ। ਚੈਂਪੀਅਨਸ਼ਿਪ ਨਾਕਆਊਟ ਦੇ ਆਧਾਰ ’ਤੇ ਖੇਡੀ ਜਾਵੇਗੀ ਅਤੇ ਅੱਠ ਸਿਖਲਰੇ ਪੁਰਸ਼, ਮਹਿਲਾ ਤੇ ਪ੍ਰੋਫੈਸ਼ਨਲ ਕੋਚ ਵਰਗਾਂ ’ਚ ਪੁਰਸਕਾਰ ਰਾਸ਼ੀ ਲਈ ਭਿੜਨਗੇ। ਸਿਖਰਲੇ ਖਿਡਾਰੀਆਂ ਨੂੰ ਰੈਂਕਿੰਗ ਅੰਕ ਵੀ ਮਿਲਣਗੇ ਜੋ ਉਨ੍ਹਾਂ ਦੇ ਸਬੰਧਤ ਉਮਰ ਵਰਗ ਦੀ ਕੌਮੀ ਰੈਂਕਿੰਗ ਸੂਚੀ ’ਚ ਜੋੜੇ ਜਾਣਗੇ।
ਪਿਛਲੇ 16 ਸਾਲਾਂ ’ਚ 15 ਵਾਰ ਕੌਮੀ ਚੈਂਪੀਅਨਸ਼ਿਪ ਖੇਡ ਚੁੱਕੀ ਜੋਸ਼ਨਾ ਨੇ ਕਿਹਾ, ‘ਕੌਮੀ ਟੂਰਨਾਮੈਂਟ ਮੇਰੇ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਮੈਂ ਜੂਨੀਅਰ ਕੌਮੀ ਖਿਤਾਬ 10 ਸਾਲ ਦੀ ਉਮਰ ’ਚ, ਮਹਿਲਾ ਕੌਮੀ ਖ਼ਿਤਾਬ 12 ਸਾਲ ਦੀ ਉਮਰ ’ਚ ਅਤੇ ਪਹਿਲਾ ਕੌਮੀ ਖ਼ਿਤਾਬ 14 ਸਾਲ ਦੀ ਉਮਰ ’ਚ ਜਿੱਤਿਆ ਸੀ। ਇਹ ਟੂਰਨਾਮੈਂਟ ਮੇਰੇ ਲਈ ਸਭ ਤੋਂ ਵੱਡਾ ਹੈ।’ ਸੌਰਵ ਨੇ ਕਿਹਾ, ‘ਦੇਸ਼ ਦੇ ਨੰਬਰ ਇੱਕ ਖਿਡਾਰੀ ਵਜੋਂ ਕੌਮੀ ਟੂਰਨਾਮੈਂਟ ਖੇਡਣਾ ਮੇਰੇ ਲਈ ਨੈਤਿਕ ਜ਼ਿੰਮੇਵਾਰੀ ਹੈ। ਇਸ ਟੂਰਨਾਮੈਂਟ ਦਾ ਮਹੱਤਵ ਤਾਂ ਹੀ ਹੈ ਜਦੋਂ ਦੇਸ਼ ਦੇ ਮੋਹਰੀ ਖਿਡਾਰੀ ਇਸ ’ਚ ਖੇਡਣ। ਕੌਮੀ ਟੂਰਨਾਮੈੀਟ ਦਾ ਮਹੱਤਵ ਬਣਾਈ ਰੱਖਣ ਲਈ ਸਾਰੇ ਮੋਹਰੀ ਖਿਡਾਰੀਆਂ ਨੂੰ ਇਸ ’ਚ ਖੇਡਣਾ ਚਾਹੀਦਾ ਹੈ।’