ਨਾਗਪੁਰ, 8 ਨਵੰਬਰ
ਦੇਸ਼ ਦੇ ਸਿਖਰਲੇ ਖਿਡਾਰੀਆਂ ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਤੇ ਐਚਐਚ ਪ੍ਰਣਯ ਵਿਚਾਲੇ 82ਵੀਂ ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਮਹਿਲਾ ਤੇ ਪੁਰਸ਼ ਵਰਗ ਦੀ ਖ਼ਿਤਾਬੀ ਟੱਕਰ ਹੋਵੇਗੀ। ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜੇਤੂ ਤੇ ਸਿਖਰਲਾ ਦਰਜਾ ਸਿੰਧੂ ਨੇ ਜੀ ਰੁਤਵਿਕਾ ਸ਼ਿਵਾਨੀ ਨੂੰ ਤਿੰਨ ਗੇਮਾਂ ਦੇ ਸੰਘਰਸ਼ ’ਚ 17-21, 21-15, 21-11 ਨਾਲ ਹਰਾਇਆ ਸ਼ਿਵਾਨੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿੰਧੂ ਨੂੰ ਪਹਿਲੀ ਗੇਮ ’ਚ ਹੈਰਾਨ ਕਰ ਦਿੱਤਾ। ਇਸ ਗੇਮ ’ਚ ਸ਼ਿਵਾਨੀ ਨੇ ਇੱਕ ਸਮੇਂ 15-7 ਤੇ 19-10 ਦੀ ਲੀਡ ਬਣਾ ਲਈ ਸੀ। ਉਸ ਨੇ ਪਹਿਲੀ ਗੇਮ 21-17 ’ਤੇ ਖਤਮ ਕੀਤੀ। ਅਗਲੀਆਂ ਦੋ ਗੇਮਾਂ ’ਚ ਸਿੰਧੂ ਨੇ ਸ਼ਿਵਾਨੀ ਨੂੰ ਕੋਈ ਮੌਕਾ ਨਹੀਂ ਦਿੱਤਾ ਤੇ 50 ਮਿੰਟ ’ਚ ਮੈਚ ਖਤਮ ਕਰ ਦਿੱਤਾ। ਸਿੰਧੂ ਦਾ ਹੁਣ ਖ਼ਿਤਾਬ ਲਈ ਮਜ਼ਬੂਤ ਦਾਅਵੇਦਾਰ ਸਾਇਨਾ ਨੇਹਵਾਲ ਨਾਲ ਮੁਕਾਬਲਾ ਹੋਵੇਗਾ। ਸਾਇਨਾ ਨੇ ਪਹਿਲੇ ਸੈਮੀ ਫਾਈਨਲ ’ਚ ਪੰਜਵਾਂ ਦਰਜਾ ਅਨੁਰਾ ਪ੍ਰਭੂਦੇਸਾਈ ਨੂੰ ਸਿਰਫ਼ 30 ਮਿੰਟ ਅੰਦਰ 21-11, 21-10 ਨਾਲ ਹਰਾਇਆ। ਦੇਸ਼ ਦੀਆਂ ਦੋਵੇਂ ਸਿਖਰਲੀਆਂ ਖਿਡਾਰਨਾਂ ਨੂੰ ਕੌਮੀ ਚੈਂਪੀਅਨਸ਼ਿਪ ’ਚ ਸਿੱਧੇ ਪ੍ਰੀ-ਕੁਆਰਟਰ ਫਾਈਨਲ ’ਚ ਥਾਂ ਦਿੱਤੀ ਗਈ ਸੀ ਤੇ ਇਹ ਉਮੀਦ ਸੀ ਕਿ ਦੋਵਾਂ ਵਿਚਾਲੇ ਸਖ਼ਤ ਮੁਕਾਬਲਾ ਹੋਵੇਗਾ ਅਤੇ ਇਹ ਉਮੀਦ ਬਰਕਰਾਰ ਰਹੀ। ਬੈਡਮਿੰਟਨ ਪ੍ਰੇਮੀਆਂ ਨੂੰ ਇਨ੍ਹਾਂ ਦੋਵਾਂ ਓਲੰਪਿਕ ਤਗ਼ਮਾ ਜੇਤੂ ਖਿਡਾਰੀਆਂ ਵਿਚਾਲੇ ਬੁੱਧਵਾਰ ਨੂੰ ਦਿਲਚਸਪ ਖ਼ਿਤਾਬੀ ਮੁਕਾਬਲਾ ਦੇਖਣ ਨੂੰ ਮਿਲੇਗਾ।
ਸਿੰਧੂ ਆਪਣੀ ਪਹਿਲੀ ਗੇਮ ਹਾਰਨ ਮਗਰੋਂ ਦੂਜੀ ਗੇਮ ’ਚ 2-4 ਤੇ 6-8 ਨਾਲ ਪੱਛੜ ਗਈ ਸੀ, ਪਰ ਫਿਰ ਉਸ ਨੇ ਵਾਪਸੀ ਕਰਦਿਆਂ ਲਗਾਤਾਰ ਛੇ ਅੰਕ ਲੈ ਕੇ 12-8 ਦੀ ਲੀਡ ਬਣਾ ਲਈ। ਸਿੰਧੂ ਨੇ ਇਹ ਗੇਮ ਨੂੰ ਆਸਾਨੀ ਨਾਲ 21-15 ’ਤੇ ਸਮਾਪਤ ਕੀਤਾ। ਫ਼ੈਸਲਾਕੁਨ ਗੇਮ ’ਚ ਸਿੰਧੂ ਨੇ 4-0 ਨਾਲ ਸ਼ੁਰੂਆਤ ਕੀਤੀ ਤੇ ਲਗਾਤਾਰ ਲੀਡ ਬਣਾਉਂਦਿਆਂ 21-11 ’ਤੇ ਗੇਮ ਤੇ ਮੈਚ ਸਮਾਪਤ ਕਰਕੇ ਫਾਈਨਲ ’ਚ ਥਾਂ ਪੱਕੀ ਕੀਤੀ।
ਪੁਰਸ਼ ਵਰਗ ’ਚ ਇਸ ਸਾਲ ਚਾਰ ਖ਼ਿਤਾਬ ਜਿੱਤ ਚੁੱਕੇ ਕਿਦਾਂਬੀ ਸ੍ਰੀਕਾਂਤ ਨੇ ਲਕਸ਼ਯ ਸੇਨ ਨੂੰ 21-16, 21-18 ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ। ਸ੍ਰੀਕਾਂਤ ਦਾ ਖ਼ਿਤਾਬ ਲਈ ਦੂਜੀ ਸੀਡ ਐਚਐਸ ਪ੍ਰਣਯ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇੱਕ ਵੱਖਰੇ ਸੈਮੀ ਫਾਈਨਲ ’ਚ ਸ਼ੁਭੰਕਰ ਡੇਅ ਨੂੰ 42 ਮਿੰਟ ’ਚ 21-14, 21-17 ਨਾਲ ਹਰਾਇਆ।
ਮਹਿਲਾ ਡਬਲਜ਼ ਦਾ ਖ਼ਿਤਾਬੀ ਮੁਕਾਬਲਾ ਟੌਪ ਸੀਡ ਐਨ ਸਿੱਕੀ ਰੈੱਡੀ ਤੇ ਅਸ਼ਵਨੀ ਪੋਨੱਪਾ ਅਤੇ ਸੰਯੋਗਿਤਾ ਘੋਰਪੜੇ ਤੇ ਪ੍ਰਾਜਕਤਾ ਸਾਵੰਤ ਵਿਚਾਲੇ ਖੇਡਿਆ ਜਾਵੇਗਾ। ਮਿਕਸਡ ਡਬਲਜ਼ ਦਾ ਫਾਈਨਲ ਦੂਜੀ ਸੀਡ ਸਾਤਵਿਕ ਸਾਈਰਾਜ ਰੈੱਡੀ ਤੇ ਅਸ਼ਵਨੀ ਪੋਨੱਪਾ ਅਤੇ ਟੌਪ ਸੀਡ ਪ੍ਰਣਵ ਚੋਪੜਾ ਤੇ ਐੱਨ ਸਿੱਕੀ ਰੈੱਡੀ ਵਿਚਾਲੇ ਹੋਵੇਗਾ।