ਅੰਮ੍ਰਿਤਸਰ, ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਗੈਂਗਸਟਰਾਂ ਸਮੇਤ 8 ਨੂੰ ਨਾਮਜ਼ਦ ਕੀਤਾ ਹੈ। ਨਾਮਜ਼ਦ ਕੀਤੇ ਗਏ ਵਿਅਕਤੀਆਂ ’ਚ ਕਰਨ ਮਸਤੀ, ਸੋਨੂੰ ਮੋਟਾ, ਅਰੁਣ ਚੂੜੀਮਾਰ, ਰਿੰਕਾ, ਅੰਗਰੇਜ਼, ਜੱਗੂ ਭਗਵਾਨਪੁਰੀਆ, ਸੋਨੂੰ ਕੰਗਲਾ ਅਤੇ ਬੌਬੀ ਮਲਹੋਤਰਾ ਸ਼ਾਮਲ ਹਨ।
ਇਸ ਦੌਰਾਨ ਕੌਂਸਲਰ ਦੀ ਮ੍ਰਿਤਕ ਦੇਹ ਦਾ ਅੱਜ ਸਸਕਾਰ ਕਰ ਦਿੱਤਾ ਗਿਆ। ਸਸਕਾਰ ਮੌਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਓ ਪੀ ਸੋਨੀ ਅਤੇ ਹੋਰ ਕਾਂਗਰਸ ਆਗੂ ਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸ਼ਨਿੱਚਰਵਾਰ ਸ਼ਾਮ ਨੂੰ ਕੌਂਸਲਰ ਗੁਰਦੀਪ ਪਹਿਲਵਾਨ ਨੂੰ ਗੋਲ ਬਾਗ ਨੇੜੇ ਅਖਾੜੇ ਵਿੱਚ ਉਸ ਵੇਲੇ ਤਿੰਨ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਜਦੋਂ ਉਹ ਅਖਾੜੇ ਵਿੱਚ ਅਭਿਆਸ ਮਗਰੋਂ ਉਥੇ ਨਹਾ ਰਹੇ ਸਨ। ਪੁਲੀਸ ਡਿਪਟੀ ਕਮਿਸ਼ਨਰ ਜਗਮੋਹਨ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗੈਂਗਸਟਰਾਂ ਵਿੱਚੋਂ ਤਿੰਨ ਜੱਗੂ, ਕੰਗਲਾ ਅਤੇ ਬੌਬੀ ਪਹਿਲਾਂ ਹੀ ਜੇਲ੍ਹ ਵਿੱਚ ਹਨ ਅਤੇ ਬਾਕੀ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਗੁਰਦੀਪ ਨੂੰ ਜੱਗੂ ਭਗਵਾਨਪੁਰੀਆ ਦੇ ਇਸ਼ਾਰੇ ’ਤੇ ਮਾਰਿਆ ਗਿਆ ਹੈ, ਜਿਸ ਦੀ ਉਸ ਨਾਲ ਪੁਰਾਣੀ ਦੁਸ਼ਮਣੀ ਸੀ ਅਤੇ ਉਸ ਨੇ ਕੌਂਸਲਰ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਪੋਸਟਮਾਰਟਮ ਮਗਰੋਂ ਸਪੱਸ਼ਟ ਹੋਇਆ ਕਿ ਕੌਂਸਲਰ ਦੇ ਸਰੀਰ ਵਿੱਚੋਂ 8 ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਪੋਸਟਮਾਰਟਮ ਅਤੇ ਉਸ ਦੇ ਘਰ ਬਾਹਰ ਸਮਰਥਕਾਂ ਦੀ ਭਾਰੀ ਭੀੜ ਜੁੜੀ ਰਹੀ। ਇਸ ਦੌਰਾਨ ਸਥਾਨਕ ਕਾਂਗਰਸ ਆਗੂਆਂ ਤੋਂ ਇਲਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਸਿੱਖਿਆ ਮੰਤਰੀ ਓ ਪੀ ਸੋਨੀ, ਰਾਜ ਸਭਾ ਮੈਂਬਰ ਅਤੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ, ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਜ਼ਿਲ੍ਹਾ ਪ੍ਰਧਾਨ ਜੁਗਲ ਕਿਸ਼ੋਰ ਸ਼ਰਮਾ ਤੇ ਹੋਰਨਾਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਹ ਆਗੂ ਦੁਰਗਿਆਨਾ ਮੰਦਿਰ ਨੇੜੇ ਸ਼ਮਸ਼ਾਨਘਾਟ ਵਿੱਚ ਵੀ ਸਸਕਾਰ ਵੇਲੇ ਹਾਜ਼ਰ ਸਨ।
ਸਬੰਧਤ ਇਲਾਕੇ ਵਿੱਚ ਰੋਸ ਵਜੋਂ ਦੁਕਾਨਾਂ ਆਦਿ ਬੰਦ ਰਹੀਆਂ ਅਤੇ ਲੋਕਾਂ ਨੇ ਪੁਲੀਸ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਮੁੱਖ ਮੰਤਰੀ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਪੀੜਤ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਆਖਿਆ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਆਖਿਆ ਕਿ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇਣ ਵਾਲਿਆਂ ਖਿਲਾਫ਼ ਪੁਲੀਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।