ਮੁੰਬਈ, ਟੌਮ ਲੇਥਮ ਦੇ ਸੈਂਕੜੇ ਤੇ ਰੋਸ ਟੇਲਰ ਨਾਲ ਉਸ ਦੀ ਰਿਕਾਰਡ ਸੈਂਕੜੇ ਵਾਲੀ ਭਾਈਵਾਲੀ ਦੀ ਬਦੌਲਤ ਨਿਊਜ਼ੀਲੈਂਡ ਨੇ ਅੱਜ ਇਥੇ ਪਹਿਲੇ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਸੈਂਕੜੇ ਵਾਲੀ ਪਾਰੀ ’ਤੇ ਪਾਣੀ ਫੇਰਦਿਆਂ ਭਾਰਤ ਨੂੰ ਛੇ ਵਿਕਟਾਂ ਦੀ ਸ਼ਿਕਸਤ ਦਿੰਦਿਆਂ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਲੈ ਲਈ। ਭਾਰਤ ਵੱਲੋਂ ਦਿੱਤੇ 281 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਹਿਮਾਨ ਟੀਮ ਨੇ ਲੇਥਮ (ਨਾਬਾਦ 103) ਅਤੇ ਟੇਲਰ (95) ਦਰਮਿਆਨ ਚੌਥੇ ਵਿਕਟ ਲਈ 200 ਦੌੜਾਂ ਦੀ ਭਾਈਵਾਲੀ ਦੀ ਬਦੌਲਤ 49 ਓਵਰਾਂ ਵਿੱਚ ਚਾਰ ਵਿਕਟਾਂ ’ਤੇ 284 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਲੇਥਮ ਨੇ 102 ਗੇਂਦਾਂ ਦੀ ਪਾਰੀ ’ਚ ਅੱਠ ਚੌਕੇ ਤੇ ਦੋ ਛੱਕੇ ਜੜੇ ਜਦਕਿ ਟੇਲਰ ਨੇ 100 ਗੇਂਦਾਂ ’ਚ ਅੱਠ ਚੌਕੇ ਲਾਏ। ਹੋਰਨਾਂ ਬੱਲੇਬਾਜ਼ਾਂ ’ਚ ਮਾਰਟਿਨ ਗੁਪਟਿਲ ਨੇ 32 ਤੇ ਕੋਲਿਨ ਮੁਨਰੋ ਨੇ 28 ਦੌੜਾਂ ਦਾ ਯੋਗਦਾਨ ਪਾਇਆ। ਕਪਤਾਨ ਕੇਨ ਵਿਲੀਅਮਸਨ 6 ਦੌੜਾਂ ਨਾਲ ਸਸਤੇ ’ਚ ਆਊਟ ਹੋ ਗਿਆ। ਭਾਰਤ ਲਈ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬਮਰਾਹ, ਹਾਰਦਿਕ ਪੰਡਿਆ ਤੇ ਕੁਲਦੀਪ ਯਾਦਵ ਨੇ ਇਕ ਇਕ ਵਿਕਟ ਲਈ। ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਦੇ 200ਵੇਂ ਇਕ ਰੋਜ਼ਾ ਮੈਚ ਵਿੱਚ ਰਿਕਾਰਡ 31ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਸ਼ੁਰੂਆਤੀ ਝਟਕਿਆਂ ਅਤੇ ਧੀਮੀ ਸ਼ੁਰੂਆਤ ਤੋਂ ਉਭਰਦਿਆਂ ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਇਕ ਰੋਜ਼ਾ ਕੌਮਾਂਤਰੀ ਮੁਕਾਬਲੇ ’ਚ ਅੱਠ ਵਿਕਟਾਂ ਦੇ ਨੁਕਸਾਨ ਨਾਲ 280 ਦੌੜਾਂ ਬਣਾਈਆਂ। ਕੋਹਲੀ(121) ਨੇ ਪਾਰੀ ਦੌਰਾਨ ਮਿਲੇ ਜੀਵਨਦਾਨ ਦਾ ਲਾਹਾ ਲੈਂਦਿਆਂ 125 ਗੇਂਦਾਂ ਦੀ ਆਪਣੀ ਪਾਰੀ ਵਿੱਚ ਨੌਂ ਚੌਕਿਆਂ ਤੇ ਦੋ ਛੱਕੇ ਜੜਨ ਤੋਂ ਇਲਾਵਾ ਦਿਨੇਸ਼ ਕਾਰਤਿਕ (37) ਨਾਲ ਚੌਥੇ ਵਿਕਟ ਲਈ 73 ਅਤੇ ਮਹਿੰਦਰ ਸਿੰਘ ਧੋਨੀ (25) ਨਾਲ ਪੰਜਵੇਂ ਵਿਕਟ ਲਈ 57 ਦੌੜਾਂ ਦੀਆਂ ਦੋ ਅਹਿਮ ਭਾਈਵਾਲੀਆਂ ਕਰਦਿਆਂ ਟੀਮ ਨੂੰ ਚੁਣੌਤੀਪੂਰਨ ਸਕੋਰ ਤਕ ਪਹੁੰਚਾਇਆ।
ਨਿਊਜ਼ੀਲੈਂਡ ਲਈ ਤੇਜ਼ ਗੇਂਦਬਾਜ਼ ਟਰੈਂਟ ਬੋਲਟ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 35 ਦੌੜਾਂ ਬਦਲੇ ਚਾਰ ਵਿਕਟ ਲਏ ਜਦਕਿ ਟਿਮ ਸਾਊਦੀ ਨੇ 73 ਦੌੜਾਂ ਬਦਲੇ ਤਿੰਨ ਵਿਕਟ ਲਏ। ਮਿਸ਼ੇਲ ਸੇਂਟਨਰ ਨੇ ਇਕ ਵਿਕਟ ਹਾਸਲ ਕੀਤਾ, ਪਰ ਉਹ ਦਸ ਓਵਰਾਂ ’ਚ 41 ਦੌੜਾਂ ਦੇ ਕੇ ਸਭ ਤੋਂ ਕਿਫ਼ਾਇਤੀ ਸਾਬਤ ਹੋਇਆ।