ਤਰਨ ਤਾਰਨ, 16 ਮਈ : ਕੋਵਿਡ-19 ਦੇ ਮੱਦੇਨਜ਼ਰ ਸਿਵਲ ਹਸਪਤਾਲ ਤਰਨ ਤਾਰਨ ਅਤੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ 57 ਹੋਰ ਮਰੀਜ਼ਾਂ ਦੇ ਕੋਰੋਨਾ ਮੁਕਤ ਹੋਣ ‘ਤੇ ਅੱਜ ਉਹਨਾਂ ਨੂੰ ਘਰਾਂ ਨੂੰ ਭੇਜਿਆ ਗਿਆ।ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਤਰਨ ਤਾਰਨ ਡਾ. ਅਨੂਪ ਕੁਮਾਰ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ 29 ਅਤੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ 28 ਮਰੀਜ਼ਾਂ ਨੂੰ ਸਿਹਤਯਾਬ ਹੋਣ ‘ਤੇ ਘਰਾਂ ਨੂੰ ਭੇਜਿਆ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦੇ 85 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ।ਹੁਣ ਜ਼ਿਲ੍ਹੇ ਵਿੱਚ ਕਰੋਨਾ ਮੁਕਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 142 ਹੋ ਗਈ ਹੈ।ਕਿਹਾ ਕਿ ਕਰੋਨਾ ਮੁਕਤ ਹੋਏ ਵਿਅਕਤੀਆਂ ਨੂੰ ਘਰ ਵਿੱਚ ਇਕਾਂਤਵਾਸ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਕੋਵਾ ਐਪ ਵੀ ਡਾਊਨਲੋਡ ਕਰਵਾਈ ਗਈ ਹੈ।ਉਹਨਾਂ ਕਿਹਾ ਕਿ ਇਲਾਜ ਲਈ ਆਈਸੋਲੇਸ਼ਨ ਸੈਂਟਰਾਂ ਵਿੱਚ ਦਾਖਲ ਮਰੀਜ਼ ਸਿਹਤ ਪੱਖੋ ਪੂਰੀ ਤਰ੍ਹਾਂ ਤੰਦਰੁਸਤ ਹਨ।

ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਜਿਹੜੇ ਵਿਅਕਤੀ ਆਈਸੋਲੇਸ਼ਨ ਸੈਂਟਰਾਂ ਵਿੱਚ ਇਲਾਜ ਲਈ ਦਾਖਲ ਕੀਤੇ ਗਏ ਸਨ।ਉਹਨਾਂ ਦੇ ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਟੈਸਟ ਨੈਗੇਟਿਵ ਆਉਣ ’ਤੇ ਛੁੱਟੀ ਦਿੱਤੀ ਗਈ ਹੈ।ਇਸ ਮੌਕੇ ਉਹਨਾਂ ਆਈਸੋਲੇਸ਼ਨ ਵਾਰਡ ਵਿਚ ਤਾਇਨਾਤ ਮੈਡੀਕਲ ਅਤੇ ਪੈਰਾ ਮੈਡੀਕਲ ਟੀਮ ਨੂੰ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਬਾਕੀ ਮਰੀਜ਼ਾਂ ਦੇ ਵੀ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ।

ਕਰੋਨਾ ਮੁਕਤ ਹੋਏ ਵਿਅਕਤੀਆਂ ਨੇ ਆਈਸੋਲੇਸ਼ਨ ਵਾਰਡ ਵਿਚ ਬਿਤਾਏ ਸਮੇਂ ਦੌਰਾਨ ਉਨਾਂ ਦੇ ਵਧੀਆ ਇਲਾਜ ਤੇ ਦਿੱਤੀਆ ਸੁਵਿਧਾਵਾਂ ਲਈ ਪੰਜਾਬ ਸਰਕਾਰ, ਸਿਹਤ ਵਿਭਾਗ, ਜ਼ਿਲਾ ਪ੍ਰਸ਼ਾਸਨ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।

ਇਸ ਮੌਕੇ ‘ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਬਿਧੀ ਲੌਰਡ ਸਿੰਘ, ਡਾ. ਵਿਸ਼ਾਲ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰ ਮੋਹਨ ਗੁਪਤਾ ਹਾਜ਼ਰ ਸਨ ।