ਸੂਬਾ ਸਰਕਾਰ ਦੀ ਰੋਜ਼ਗਾਰ ਉਤਪਤੀ ਦੀ ਸਫ਼ਲਤਾ ਦੀ ਗਲਤ ਅੰਕੜਿਆਂ ਦੇ ਆਧਾਰ ’ਤੇ ਆਲੋਚਨਾ ਕੀਤੇ ਜਾਣ ਨੂੰ ਕੀਤਾ ਰੱਦ
ਚੰਡੀਗੜ, 9 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਨੂੰ ਪੰਜਾਬ ਦੇ ਮਹੱਤਵਪੂਰਨ ਹਿੱਤਾਂ ਵਾਲੇ ਮੁੱਦਿਆਂ ’ਤੇ ਮੂਰਖਤਾ ਨਾਲ ਆਪਣਾ ਮੂੰਹ ਖੋਲਣ ਤੋਂ ਪਹਿਲਾਂ ਤੱਥਾਂ ਦੀ ਜਾਂਚ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਬਾਰੇ ਅਕਾਲੀਆਂ ਦੀ ਆਲੋਚਨਾ ਦਾ ਆਧਾਰ ਗਲਤ ਅੰਕੜਿਆਂ ਨਾਲ ਲਿਪਤ ਸੀ।
ਅੱਜ ਇੱਥੋਂ ਜਾਰੀ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ ਅੱਧੇ ਕੱਚੇ ਝੂਠਾਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰਕੇ ਆਪਣੇ ਆਪ ਨੂੰ ਮੂਰਖ ਬਣਾ ਰਹੇ ਹਨ ਜਦਕਿ ਇਨਾਂ ਝੂਠਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਅਤੇ ਤੱਥਾਂ ਤੋਂ ਕੋਰੇ ਹੁੰਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਉਨਾਂ ਦੀ ਸਰਕਾਰ ਵੱਲੋਂ ਪੈਦਾ ਕੀਤੀਆਂ ਨੌਕਰੀਆਂ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਢੀਠਪੁਣੇ ਨਾਲ ਮਾਰੇ ਝੂਠ ਦਾ ਜਵਾਬ ਦੇਣ ਲਈ ਇਕ ਵਾਰ ਫਿਰ ਪੂਰੇ ਤੱਥਾਂ ਤੇ ਅੰਕੜਿਆਂ ਨੂੰ ਸਾਹਮਣੇ ਰੱਖਦੇ ਹਨ। ਉਨਾਂ ਕਿਹਾ ਕਿ ਆਰਥਿਕ ਸਰਵੇਖਣ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਸਮਝਣ ਜਾਂ ਇਸ ਦਾ ਵਿਸ਼ਲੇਸ਼ਣ ਕਰਨ ਲਈ ਅਕਾਲੀਆਂ ਨੇ ਸਿਰ ਖਪਾਈ ਕਰਨ ਦੀ ਖੇਚਲ ਨਹੀਂ ਕੀਤੀ ਜਦਕਿ ਉਲਟਾ ਉਹ ਇਸ ਸਰਵੇਖਣ ਨੂੰ ਆਧਾਰ ਬਣਾ ਕੇ ਹੀ ਉਨਾਂ ਦੀ ਸਰਕਾਰ ’ਤੇ ਹਮਲੇ ਕਰ ਰਹੇ ਹਨ।
ਉਪਰੋਕਤ ਆਰਥਿਕ ਸਰਵੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਹਨ ਜੋ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਬੇਰੋਜ਼ਗਾਰੀ ’ਤੇ ਦਿੱਤੇ ਗਏ ਅੰਕੜਿਆਂ ਦਾ ਸਰੋਤ ਪੀ.ਐਫ.ਐਲ.ਐਸ.(ਪਰਿਓਡਿਕ ਲੇਬਰ ਫੋਰਸ ਸਰਵੇ) 2017-18 ਦਾ ਹੈ ਜੋ ਭਾਰਤ ਸਰਕਾਰ ਦੇ ਲੇਬਰ ਬਿਊਰੋ ਵੱਲੋਂ ਕਰਵਾਇਆ ਗਿਆ ਹੈ। ਇਸ ਵਿੱਚ ਦਰਜ ਸਮਾਂ ਜੁਲਾਈ 2017 ਤੋਂ ਲੈ ਕੇ ਜੂਨ 2018 ਤੱਕ ਦਾ ਹੈ ਜੋ ਪਿਛਲੀ ਅਕਾਲੀ-ਭਾਜਪਾ ਸਰਕਾਰ ਪਾਸੋਂ ਵਿਰਸੇ ’ਚ ਮਿਲੇ ਲੜਖੜਾਉਂਦੇ ਸਾਸ਼ਨ ਤੋਂ ਮਸਾਂ ਇਕ ਸਾਲ ਬਾਅਦ ਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਰਵੇਖਣ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਕ੍ਰਮਵਾਰ 6497 ਅਤੇ 6877 ਵਿਅਕਤੀਆਂ ਨੂੰ ਸਰਵੇਖਣ ਲਈ ਬਹੁਤ ਛੋਟੇ ਜਿਹੇ ਨਮੂਨੇ ਦਾ ਆਕਾਰ ਬਣਾਇਆ ਗਿਆ ਸੀ ਜਿਸ ਨੇ 2.77 ਕਰੋੜ ਦੀ ਆਬਾਦੀ ਵਿੱਚ ਮਹਿਜ਼ 13,374 ਵਿਅਕਤੀਆਂ ਦੇ ਨਮੂਨੇ ਵਿੱਚ ਤਬਦੀਲ ਕਰ ਲਿਆ। ਇਸੇ ਤਰਾਂ 15 ਤੋਂ 29 ਸਾਲ ਦੇ ਨੌਜਵਾਨਾਂ ਲਈ ਨਮੂਨੇ ਦਾ ਆਕਾਰ ਹੈਰਾਨ ਕਰ ਦੇਣ ਵਾਲਾ ਹੈ ਜਿਸ ਵਿੱਚ ਪੇਂਡੂ ਤੇ ਸ਼ਹਿਰੀ ਇਲਾਕਿਆਂ ਲਈ ਕ੍ਰਮਵਾਰ 1870 ਅਤੇ 1961 ਵਿਅਕਤੀਆਂ ਨੂੰ ਲਿਆ ਗਿਆ ਜਿਸ ਦਾ ਸਿੱਧਾ ਭਾਵ ਇਹ ਹੈ ਕਿ ਸੂਬੇ ਵਿੱਚ ਇਸ ਉਮਰ ਵਰਗ ਦੀ 80.58 ਲੱਖ ਦੀ ਆਬਾਦੀ ’ਚੋਂ ਮਹਿਜ਼ 3831 ਨੌਜਵਾਨਾਂ ਨੂੰ ਇਸ ਨਮੂਨੇ ਦੇ ਆਕਾਰ ਵਿੱਚ ਸ਼ਾਮਲ ਕੀਤਾ ਗਿਆ।
ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਛੋਟੇ ਜਿਹੇ ਨਮੂਨੇ ਨੂੰ ਵਰਤੋਂ ਵਿੱਚ ਲਿਆਂਉਂਦਿਆਂ ਸੂਬੇ ਵਿੱਚ ਬੇਰੁਜ਼ਗਾਰੀ ਦੇ ਅੰਕੜਿਆਂ ਬਾਰੇ ਮਿਤੀ ਤੋਂ ਇਲਾਵਾ ਸਿਰਫ਼ ਸੰਕੇਤ ਹੀ ਦਿੱਤਾ ਗਿਆ ਹੈ। ਉਨਾਂ ਨੇ ਸਪੱਸ਼ਟ ਕੀਤਾ ਕਿ ਅਕਾਲੀ ਇਨਾਂ ਅੰਕੜਿਆਂ ਦੇ ਪ੍ਰਭਾਵ ਨੂੰ ਸਮਝਣ ਵਿੱਚ ਜਾਂ ਤਾਂ ਮੂਰਖ ਹਨ ਜਾਂ ਫਿਰ ਜਾਣਬੁੱਝ ਕੇ ਚੋਣਵੀਂ ਜਾਣਕਾਰੀ ਰਾਹੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਸ ਸਰਵੇਖਣ ਵਿੱਚ ਭਾਰਤ ਸਰਕਾਰ ਵੱਲੋਂ ਹੀ ਜ਼ਿਕਰ ਕੀਤਾ ਗਿਆ ਹੈ ਕਿ ਬੇਰੁਜ਼ਗਾਰੀ ਸਬੰਧੀ ਪਿਛਲੇ ਅੰਕੜਿਆਂ ਨਾਲ ਇਸ ਸਰਵੇਖਣ ਦੇ ਆਧਾਰ ’ਤੇ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਅੰਕੜਿਆਂ ਦੇ ਸਰੋਤਾਂ ਦੀ ਠੋਸ ਢੰਗ ਨਾਲ ਤੁਲਨਾ ਨਹੀਂ ਹੁੰਦੀ। ਇਸ ਤੋਂ ਪੂਰੀ ਤਰਾਂ ਸਪੱਸ਼ਟ ਹੈ ਕਿ ਸਾਲ 2017-18 ਦੇ ਅੰਕੜਿਆਂ ਦੀ ਸਾਲ 2015-16 ਦੇ ਅੰਕੜਿਆਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ।
ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਸਪੱਸ਼ਟ ਤੱਥਾਂ ਦੇ ਬਾਵਜੂਦ ਅਕਾਲੀੇ ਮੌਜੂਦਾ ਕਾਂਗਰਸ ਸਰਕਾਰ ਅਧੀਨ ਪੰਜਾਬ ਵਿੱਚ ਰੋਜ਼ਗਾਰ ਦੇ ਨਿਰਾਸ਼ਾਜਨਕ ਦੌਰ ਬਾਰੇ ਕੂੜ ਪ੍ਰਚਾਰ ਕਰ ਕੇ ਉਸ ਜ਼ਿੱਦੀ ਜਵਾਕ ਵਰਗਾ ਵਿਹਾਰ ਕਰ ਰਹੇ ਹਨ ਜੋ ਬਿਨਾਂ ਕਿਸੇ ਨਤੀਜੇ ਨੂੰ ਜਾਣੇ ਦੂਜਿਆਂ ਲਈ ਮੁਸੀਬਤਾਂ ਪੈਦਾ ਕਰਨ ਦਾ ਹੀ ਹੱਠ ਪੁਗਾਉਂਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀਆਂ ਤੇ ਵਰਦਿਆਂ ਆਖਿਆ ਕਿ ਸੂਬੇ ਨੂੰ ਭਿਆਨਕ ਦੌਰ ਵਿੱਚ ਧੱਕਣ ਲਈ ਮੁਆਫੀ ਮੰਗਣ ਦੀ ਬਜਾਏ ਅਕਾਲੀ ਆਪਣੇ ਸੌੜੇ ਸਿਆਸੀ ਹਿੱਤਾਂ ਦੀ ਖਾਤਰ ਗਲਤਫਹਿਮੀਆਂ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਦਕਿ ਹਰ ਕੋਈ ਜਾਣਦਾ ਹੈ ਕਿ ਇਨਾਂ ਦੇ ਇਕ ਦਹਾਕੇ ਦੇ ਸ਼ਾਸਨ ਦੌਰਾਨ ਲੋਕ ਮਾਰੂ ਨੀਤੀਆਂ ਕਰਕੇ ਰੋਜ਼ਗਾਰ ਦਾ ਭੱਠਾ ਬੈਠ ਗਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਅਕਾਲੀਆਂ ਨੂੰ ਮੁਢਲੇ ਤੱਥਾਂ ਬਾਰੇ ਸਮਝਾਉਣ ਲਈ ਵੀ ਕਈ ਵਾਰ ਦੱਸਣਾ ਪੈਂਦਾ ਹੈ। ਉਨਾਂ ਨੇ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ’ ਮਿਸ਼ਨ ਬਾਰੇ ਦੱਸਦਿਆਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਪਿਛਲੇ ਤਿੰਨ ਸਾਲਾਂ ਵਿੱਚ 12.15 ਲੱਖ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਨਾਂ ਵਿੱਚੋਂ 57,905 ਸਰਕਾਰੀ ਨੌਕਰੀਆਂ, ਪ੍ਰਾਈਵੇਟ ਸੈਕਟਰ ਵਿੱਚ 3.97 ਲੱਖ ਨੌਕਰੀਆਂ ਅਤੇ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ 7.61 ਲੱਖ ਨੌਜਵਾਨਾਂ ਨੂੰ ਢੁੱਕਵੀਂ ਸਹਾਇਤਾ ਦਿੱਤੀ ਗਈ।
ਇਸ ਤੋਂ ਇਲਾਵਾ ਅਪ੍ਰੈਲ 2017 ਤੋਂ 31 ਦਸੰਬਰ, 2019 ਤੱਕ ਨਰੇਗਾ ਸਕੀਮਾਂ ਅਧੀਨ 20.61 ਲੱਖ ਪਰਿਵਾਰਾਂ ਨੂੰ ਰੋਜ਼ਗਾਰ ਦਿੱਤਾ ਗਿਆ ਅਤੇ ਰੋਜ਼ਗਾਰ ਦੀਆਂ 648.26 ਲੱਖ ਦਿਹਾੜੀਆਂ ਪੈਦਾ ਕੀਤੀਆਂ ਗਈਆਂ।
ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਆਖਿਆ ਕਿ ਇਸ ਗਿਣਤੀ ਨੂੰ ਸਮਝਣ ’ਚ ਕੋਈ ਔਖ ਨਹੀਂ ਸੀ, ਅਸਲ ਵਿੱਚ ਅਕਾਲੀਆਂ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਂਦੇ ਅਤੇ ਉਹ ਸੂਬੇ ਦੀ ਕਾਂਗਰਸ ਸਰਕਾਰ ਦੀ ਰੋਜ਼ਗਾਰ ਖੇਤਰ ’ਚ ਸਫ਼ਲਤਾ ਤੋਂ ਨਿਰਾਸ਼ਾ ਦੇ ਆਲਮ ਵਿੱਚ ਹਨ ਜਿਸ ਕਰਕੇ ਲੋਕਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਗੁੰਮਰਾਹ ਕਰਨ ਲਈ ਤਰਲੋਮੱਛੀ ਹੋ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਹਰੇਕ ਯੋਗ ਨੌਜਵਾਨ ਨੂੰ ਆਮਦਨ ਦੇ ਸਥਾਈ ਸਰੋਤ ਦੇ ਰੂਪ ਵਿੱਚ ਨੌਕਰੀਆਂ ਜਾਂ ਸਵੈ-ਰੋਜ਼ਗਾਰ ਸ਼ੁਰੂ ਕਰਨ ਵਿੱਚ ਸਹਾਇਤਾ ਦੇਣ ਲਈ ਆਪਣੇ ਯਤਨ ਇਸੇ ਤਰਾਂ ਜਾਰੀ ਰੱਖੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਵਿੱਚ ਵੱਧ ਤੋਂ ਵੱਧ ਉਦਯੋਗ ਲਿਆਉਣ ’ਤੇ ਕੇਂਦਰਿਤ ਹੈ ਜਿਸ ਦਾ ਮਨੋਰਥ ਰੋਜ਼ਗਾਰ ਦੇ ਮੌਕੇ ਵਧਾਉਣ ਦੇ ਨਾਲ-ਨਾਲ ਅਰਥਚਾਰੇ ਨੂੰ ਹੁਲਾਰਾ ਦੇਣਾ ਹੈ।