ਗੁਹਾਟੀ, 15 ਫਰਵਰੀ
ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਉਦੋਂ ਵਿਵਾਦ ਪੈਦਾ ਹੋ ਗਿਆ ਜਦੋਂ ਮੌਜੂਦਾ ਚੈਂਪੀਅਨ ਸਾਇਨਾ ਨੇਹਵਾਲ ਨੇ ਕੋਰਟ ਨੂੰ ਖੇਡਣ ਦੇ ਯੋਗ ਨਾ ਹੋਣਾ ਦੱਸ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ। ਪੁਰਸ਼ ਸਿੰਗਲਜ਼ ਵਰਗ ਵਿਚ ਸਮੀਰ ਵਰਮਾ ਵੱਲੋਂ ਗਿੱਟੇ ਦੀ ਸੱਟ ਕਾਰਨ ਮੈਦਾਨ ਵਿਚੋਂ ਹਟਣ ਬਾਅਦ ਸਾਇਨਾ ਮੈਦਾਨ ਵਿਚ ਆਈ। ਉਸ ਦਾ ਮੁਕਾਬਲਾ ਪ੍ਰੀ ਕੁਆਰਟਰ ਫਾਈਨਲ ਵਿਚ ਸ਼ਰੁਤੀ ਮੰਦਾਨਾ ਨਾਲ ਸੀ ਪਰ ਸਾਇਨਾ ਨੇ ਕੋਰਟ ਦਾ ਨਿਰੀਖਣ ਕਰਦਿਆਂ ਸਾਰ ਹੀ ਐਲਾਨ ਕਰ ਦਿਤਾ ਕਿ ਆਲ ਇੰਗਲੈਂਡ ਚੈਂਪੀਅਨਸ਼ਿਪ ਸਿਰ ਉੱਤੇ ਹੈ ਅਤੇ ਉਹ ਇਸ ਕੋਰਟ ਉੱਤੇ ਖੇਡ ਕੇ ਜ਼ੋਖ਼ਮ ਮੁੱਲ ਨਹੀਂ ਲੈਣਾ ਚਾਹੁੰਦੀ।
ਇਸ ਤੋਂ ਬਾਅਦ ਟੂਰਨਾਮੈਂਟ ਸੈਕਟਰੀ ਉਮਰ ਰਾਸ਼ਿਦ ਸਮੇਤ ਹੋਰ ਅਧਿਕਾਰੀ ਮਾਮਲਾ ਸੁਲਝਾਉਣ ਲਈ ਸਰਗਰਮ ਹੋ ਗਏ। ਸ਼ਾਮ ਨੂੰ ਅਧਿਕਾਰੀਆਂ ਨੇ ਪੀ ਕਸ਼ਯਪ, ਸਾਈ ਪ੍ਰਣੀਤ ਅਤੇ ਸਾਇਨਾ ਨੂੰ ਖੇਡਣ ਲਈ ਮਨਾ ਲਿਆ।
ਸਾਇਨਾ ਦੇ ਪਤੀ ਅਤੇ ਸਾਥੀ ਖਿਡਾਰੀ ਪੀ ਕਸ਼ਯਪ ਨੇ ਕਿਹਾ ਕਿ ਸਿੰਧੂ ਦੇ ਮੈਚ ਖੇਡਣ ਬਾਅਦ ਦੋ ਥਾਵਾਂ ਤੋਂ ਲੱਕੜ ਦੀਆਂ ਤਖ਼ਤੀਆਂ ਨਿਕਲ ਆਈਆਂ ਹਨ। ਹੁਣ ਉਹ ਉਸਨੂੰ ਠੀਕ ਕਰ ਰਹੇ ਹਨ। ਅਸੀਂ ਸ਼ਾਮ ਨੂੰ ਮੈਚ ਖੇਡਣ ਦੀ ਸਹਿਮਤੀ ਦੇ ਦਿੱਤੀ ਹਨ। ਉਹ ਸਾਇਨਾ ਦੇ ਨਾਲ ਕੋਰਟ ਦੇ ਨਿਰੀਖਣ ਲਈ ਵੀ ਗਏ। ਸਿੰਧੂ ਸਵੇਰੇ ਇਸ ਕੋਰਟ ਉੱਤੇ ਹੀ ਆਪਣਾ ਮੈਚ ਜਿੱਤੀ ਸੀ। ਰਾਸ਼ਿਦ ਨੇ ਕਿਹਾ ਕਿ ਕੋਰਟ ਨੂੰ ਸਹੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਤਰੁਣ ਰਾਮ ਫੂਕਨ ਇੰਡੋਰ ਸਟੇਡੀਅਮ ਦੇ ਸੀਮਿੰਟ ਦੇ ਕੋਰਟ ਵਿਚ ਪ੍ਰਬੰਧ ਕਰ ਦਿੱਤਾ ਹੈ। ਉਨ੍ਹਾਂ ਨੇ ਕੋਰਟ ਦੇ ਖਰਾਬ ਹੋਣ ਦੀ ਗੱਲ ਨੂੰ ਮੰਨਿਆ ਦੇ ਕਿਹਾ ਕਿ ਉਹ ਸਮੱਸਿਆ ਨੂੰ ਦੂਰ ਕਰ ਰਹੇ ਹਨ।