ਫਰੀਦਕੋਟ, 7 ਫਰਵਰੀ: ਚਾਰ ਸਾਲ ਪੁਰਾਣੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਹੋਈ। ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਗੈਰਮੌਜ਼ੂਦਗੀ ਦੇ ਚੱਲਦੇ ਦੋਵੇਂ ਮਾਮਲਿਆਂ ਦੀ ਸੁਣਵਾਈ ਹੁਣ 19 ਫਰਵਰੀ ਨੂੰ ਹੋਵੇਗੀ। ਕੋਟਕਪੂਰਾ ਗੋਲੀ ਕਾਂਡ ਕੇਸ ਵਿਚ ਨਾਮਜ਼ਦ ਕੀਤੇ ਗਏ ਪੁਲਿਸ ਅਫਸਰਾਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਐਸਆਈ ਗੁਰਦੀਪ ਸਿੰਘ ਪੰਧੇਰ ਦੋਵਾਂ ਨੇ ਆਪਣੀ ਹਾਜ਼ਰੀ ਮੁਆਫ ਕਰਵਾਈ। ਬਾਕੀ ਸਾਰੇ ਚਾਰੇ ਨਾਮਜ਼ਦ ਵਿਅਕਤੀਆਂ ਜਿਨ੍ਹਾਂ ਵਿਚ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ, ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ, ਐਸਪੀ ਪਰਮਜੀਤ ਸਿੰਘ ਪਨੂੰ ਤੇ ਐਸਪੀ ਬਲਜੀਤ ਸਿੰਘ ਹਾਜ਼ਰ ਰਹੇ।
ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੇ ਬਹਿਬਲ ਕਲਾਂ ਗੋਲੀਕਾਂਡ ਕੇਸ ਵਿਚ ਵੀ ਆਪਣੀ ਹਾਜ਼ਰੀ ਅਦਾਲਤ ਵਿਚ ਲਗਵਾਈ। ਇਨ੍ਹਾਂ ਦੋਵੇਂ ਘਟਨਾਵਾਂ ਵਿਚ ਜਾਂਚ ਕਰ ਰਹੀ ਐਸਆਈਟੀ ਵਲੋਂ ਅਦਾਲਤ ਵਿਚ ਚਲਾਨ ਪੇਸ਼ ਕੀਤਾ ਜਾ ਚੁੱਕਿਆ ਹੈ ਜਿਸ ਦੇ ਆਧਾਰ ਉਤੇ ਨਾਮਜ਼ਦ ਵਿਅਕਤੀਆਂ ਉਤੇ ਦੋਸ਼ ਆਇਦ ਕਰਨ ਦੀ ਪ੍ਰੀਕਿਰਿਆ ਚੱਲ ਰਹੀ ਹੈ।