ਕੈਲਗਰੀ— ਕੈਲਗਰੀ ਐੱਮ. ਪੀ. ਦਰਸ਼ਨ ਸਿੰਘ ਨੇ ਲਿਬਰਲ ਕਾਕਸ ਤੋਂ ਅਸਤੀਫਾ ਦੇ ਦਿੱਤਾ ਹੈ। ਦਰਸ਼ਨ ਸਿੰਘ ਕੰਗ ‘ਤੇ ਦੋਸ਼ ਲੱਗੇ ਹਨ ਕਿ ਉਨ੍ਹਾਂ ਨੇ ਆਪਣੇ ਦਫਤਰ ‘ਚ ਦੋ ਔਰਤਾਂ ਨਾਲ ਅਸ਼ਲੀਲ ਛੇੜਖਾਨੀ ਕੀਤੀ ਹੈ। ਉਨ੍ਹਾਂ ‘ਤੇ ਪਹਿਲਾਂ ਇਕ ਔਰਤ ਨਾਲ ਅਜਿਹੀ ਛੇੜਖਾਨੀ ਕਰਨ ਦਾ ਦੋਸ਼ ਲੱਗਾ ਸੀ, ਜਿਸ ਦੀ ਜਾਂਚ ਚੱਲ ਰਹੀ ਹੈ। ਉੱਥੇ ਹੀ ਵੀਰਵਾਰ ਨੂੰ ਇਕ ਹੋਰ ਔਰਤ ਸਾਹਮਣੇ ਆਈ, ਜਿਸ ਨੇ ਦਰਸ਼ਨ ਸਿੰਘ ‘ਤੇ ਅਜਿਹੇ ਹੀ ਦੋਸ਼ ਲਾਏ। ਇਹ ਦੂਜੀ ਔਰਤ ਦਰਸ਼ਨ ਸਿੰਘ ਲਈ ਉਦੋਂ ਕੰਮ ਕਰਦੀ ਸੀ, ਜਦੋਂ ਉਹ ਅਲਬਰਟਾ ਦੇ ਐੱਮ. ਐੱਲ. ਏ. ਸਨ। ਦੂਜੀ ਔਰਤ ਨੇ ਦਾਅਵਾ ਕੀਤਾ ਕਿ ਜਦੋਂ ਉਹ 2011 ਅਤੇ 2012 ‘ਚ ਕੰਗ ਲਈ ਕੰਮ ਕਰਦੀ ਸੀ ਤਾਂ ਦਰਸ਼ਨ ਸਿੰਘ ਕੰਗ ਨੇ ਵਾਰ-ਵਾਰ ਉਸ ਦੀ ਮਰਜ਼ੀ ਦੇ ਵਿਰੁੱਧ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ।
ਦਰਸ਼ਨ ਸਿੰਘ ਦੀ ਮੁਸ਼ਕਿਲ ਇੱਥੇ ਹੀ ਖਤਮ ਨਹੀਂ ਹੁੰਦੀ। ਉਨ੍ਹਾਂ ‘ਤੇ ਦੋਸ਼ ਲਾਉਣ ਵਾਲੀ ਪਹਿਲੀ ਔਰਤ ਨੇ ਇਹ ਵੀ ਕਿਹਾ ਹੈ ਕਿ ਕੰਗ ਨੇ ਉਸ ਨੂੰ ਚੁੱਪ ਕਰਾਉਣ ਲਈ 1,00,000 ਡਾਲਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਕੰਗ ਨੇ ਹੁਣ ਅਸਤੀਫਾ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਦਿੱਤਾ ਹੈ, ਜਿਸ ‘ਚ ਉਨ੍ਹਾਂ ਨਾਲ ਅਲਬਰਟਾ ‘ਚ ਕੰਮ ਕਰਨ ਵਾਲੀ ਦੂਜੀ ਔਰਤ ਕ੍ਰਿਸਟਿਨ ਮੋਰੇਲ ਨੇ ਬਹੁਤ ਗੰਭੀਰ ਦੋਸ਼ ਲਾਏ ਹਨ। ਇਨ੍ਹਾਂ ਦੋਸ਼ਾਂ ਦੀ ਫਿਲਹਾਲ ਜਾਂਚ ਚੱਲ ਰਹੀ ਹੈ। ਕੰਗ ਨੇ ਆਪਣੇ ‘ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ‘ਤੇ ਲੱਗੇ ਦੋਸ਼ਾਂ ਕਾਰਨ ਬਹੁਤ ਪ੍ਰੇਸ਼ਾਨ ਹਨ, ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਮੈਡੀਕਲ ਛੁੱਟੀ ਲਈ ਸੀ। ਹੁਣ ਉਹ ਅਸਤੀਫਾ ਦੇ ਰਹੇ ਹਨ ਤਾਂ ਕਿ ਪਾਰਟੀ ਦੇ ਅਕਸ ‘ਤੇ ਕੋਈ ਪ੍ਰਭਾਵ ਨਾ ਪਵੇ। ਦਰਸ਼ਨ ਸਿੰਘ ਕੰਗ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਨਿਰਪੱਖ ਜਾਂਚ ‘ਚ ਉਹ ਬਿਲਕੁਲ ਸਾਫ ਨਿਕਲਣਗੇ। ਕੰਗ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੋਈ ਵੀ ਗਲਤ ਕੰਮ ਨਹੀਂ ਕੀਤਾ, ਜਿਸ ਨਾਲ ਉਨ੍ਹਾਂ ਦੇ ਅਕਸ ‘ਤੇ ਸਵਾਲ ਖੜ੍ਹੇ ਹੋਣ। ਜ਼ਿਕਰਯੋਗ ਹੈ ਕਿ ਕੰਗ 2015 ‘ਚ ਐੱਮ. ਪੀ. ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਵਿਧਾਇਕ ਵੀ ਰਹਿ ਚੁੱਕੇ ਸਨ। ਪਹਿਲੀ ਵਾਰ ਚੋਣਾਂ ‘ਚ ਉਨ੍ਹਾਂ ਨੇ 2008 ‘ਚ ਜਿੱਤ ਹਾਸਲ ਕੀਤੀ ਸੀ।