ਚੰਡੀਗੜ੍ਹ, 20 ਦਸੰਬਰ.ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਕੁਮਾਰ ਸਾਂਪਲਾ ਨੇ ਕਿਹਾ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਵਾਅਦਾਖਿਲਾਫ਼ੀ ਕਰਨ ਸਬੰਧੀ ਦਿੱਤੇ ਬਿਆਨ ’ਤੇ ਕਾਇਮ ਹਨ। ਅੱਜ ਇੱਥੇ ਜਾਰੀ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਕੀਤੇ ਹਨ ਤਾਂ ਮੁੱਖ ਮੰਤਰੀ ਪੂਰੇ ਕੀਤੇ ਵਾਅਦਿਆਂ ਦੀ ਸੂਚੀ ਜਾਰੀ ਕਰਨ ਨਾ ਕਿ ਤੋਹਮਤਬਾਜ਼ੀ ਦਾ ਸਹਾਰਾ ਲੈਣ।
ਸ੍ਰੀ ਸਾਂਪਲਾ ਨੇ ਕਿਹਾ ਕਿ ਮੁੱਖ ਮੰਤਰੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਤੇ ਝੂਠ ਬੋਲ ਕੇ ਡੰਗ ਟਪਾ ਰਹੇ ਹਨ। ਭਾਜਪਾ ਆਗੂ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼, ਪੈਨਸ਼ਨਾਂ ਤੇ ਸ਼ਗਨ ਰਕਮ ਵਿੱਚ ਵਾਧਾ, ਸਮਾਰਟ ਫੋਨ ਅਤੇ ਆਟਾ ਦਾਲ ਦੇ ਨਾਲ ਚੀਨੀ, ਚਾਹ ਪੱਤੀ ਦੇਣ ਦੇ ਜੋ ਸਵਾਲ ਉਠਾਏ ਗਏ ਸਨ, ਮੁੱਖ ਮੰਤਰੀ ਉਨ੍ਹਾਂ ਦਾ ਜਵਾਬ ਦੇਣ ਤੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਉਣ ਦੀ ਥਾਂ ਸਿਆਸੀ ਵਿਰੋਧੀਆਂ ਨੂੰ ਭੰਡਣ ਅਤੇ ਝੂਠੇ ਠਹਿਰਾਉਣ ’ਤੇ ਜ਼ਿਆਦਾ ਜ਼ੋਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਵੱਲੋਂ ਕੀਤੇ ਝੂਠੇ ਵਾਅਦਿਆਂ ਦੇ ਛਲਾਵੇ ਵਿੱਚ ਆ ਕੇ ਵੋਟਾਂ ਤਾਂ ਪਾ ਦਿੱਤੀਆਂ ਪਰ ਹੁਣ ਮੁੱਖ ਮੰਤਰੀ ਖ਼ਜ਼ਾਨਾ ਖਾਲੀ ਹੋਣ ਦਾ ਡਰਾਮਾ ਕਰਕੇ ਵਾਅਦਿਆਂ ਤੋਂ ਭੱਜਣ ਦਾ ਰਾਹ ਤਲਾਸ਼ ਰਹੇ ਹਨ।