ਚੰਡੀਗੜ੍ਹ, 24 ਅਪਰੈਲ
ਕੈਪਟਨ ਸਰਕਾਰ ਨੇ ਸਮਾਜਿਕ ਸੁਰੱਖਿਆ ਸਕੀਮਾਂ ਤਹਿਤ 17,89,600 ਲਾਭਪਾਤਰੀਆਂ ਨੂੰ ਇਸ ਸਾਲ ਮਾਰਚ ਮਹੀਨੇ ਦੀ ਪੈਨਸ਼ਨ ਦਾ ਭੁਗਤਾਨ ਕਰਨ ਲਈ 131.20 ਕਰੋੜ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਬਜ਼ੁਰਗਾਂ, ਅੰਗਹੀਣਾਂ, ਬੇਸਹਾਰਿਆਂ ਅਤੇ ਵਿਧਵਾਵਾਂ ਸਮੇਤ ਹਰੇਕ ਲਾਭਪਾਤਰੀ ਨੂੰ ਵਧੀ ਹੋਈ ਪੈਨਸ਼ਨ ਰਾਸ਼ੀ 750 ਰੁਪਏ ਪ੍ਰਤੀ ਮਹੀਨੇ ਅਨੁਸਾਰ ਰਾਸ਼ੀ ਜਾਰੀ ਕੀਤੀ ਗਈ ਹੈ। ਇਤਫ਼ਾਕਵੱਸ ਇਹ ਲਗਾਤਾਰ ਚੌਥਾ ਮਹੀਨਾ ਹੈ ਜਦੋਂ ਪੈਨਸ਼ਨ ਰਾਸ਼ੀ ਸਮੇਂ ਸਿਰ ਜਾਰੀ ਕੀਤੀ ਗਈ ਹੈ ਅਤੇ ਇਸ ਸਾਲ ਹੁਣ ਤੱਕ ਪੈਨਸ਼ਨ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜਿਵੇਂ ਇਸ ਸਾਲ ਦੇ ਜਨਵਰੀ ਮਹੀਨੇ ਤੋਂ ਪੈਨਸ਼ਨ ਦਿੱਤੀ ਜਾ ਰਹੀ ਹੈ, ਉਸੇ ਤਰ੍ਹਾਂ ਪੈਨਸ਼ਨ ਹਰੇਕ ਮਹੀਨੇ ਵੰਡੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ ਇਸ ਪ੍ਰਕਿਰਿਆ ਦੀ ਨਿਰੰਤਰ ਨਿਗਰਾਨੀ ਕਰਨ ਲਈ ਆਖਿਆ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਵੀ ਨਜ਼ਰ ਰੱਖਣਗੇ।
ਲਾਭਪਾਤਰੀਆਂ ਤੱਕ ਪੈਨਸ਼ਨ ਦਾ ਲਾਭ ਬਿਨਾਂ ਕਿਸੇ ਦਿੱਕਤ ਤੋਂ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਸਮਾਜਿਕ ਸੁਰੱਖਿਆ ਸਕੀਮਾਂ ਦੀ ਪੈਨਸ਼ਨ ਹੁਣ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ। ਸੂਬਾ ਸਰਕਾਰ ਨੇ ਜਨਵਰੀ ਵਿੱਚ 128.08 ਕਰੋੜ ਰੁਪਏ, ਫਰਵਰੀ ਵਿੱਚ 129.52 ਕਰੋੜ ਰੁਪਏ ਅਤੇ ਮਾਰਚ ਵਿੱਚ 129.90 ਕਰੋੜ ਰੁਪਏ ਜਾਰੀ ਕੀਤੇ ਹਨ। ਦਸੰਬਰ 2017 ਤੋਂ ਹੁਣ ਤੱਕ ਸਾਰੀਆਂ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।