ਚੰਡੀਗੜ੍ਹ,  
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਦੇ ਬਹਾਨੇ ਕੈਪਟਨ ਸਰਕਾਰ ਪਕੋਕਾ ਕਾਨੂੰਨ ਬਣਾ ਕੇ ਵਿਰੋਧੀਆਂ ਖ਼ਿਲਾਫ਼ ਹਥਿਆਰ ਵਜੋਂ ਵਰਤਣ ਦੀ ਤਾਕ ਵਿੱਚ ਹੈ। ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਸਹਿ-ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ, ਸੰਸਦ ਮੈਂਬਰ ਸਾਧੂ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ, ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸਵਾਲ ਕੀਤਾ ਕਿ ਕੈਪਟਨ ਸਰਕਾਰ ਕਿਸ ਮਕਸਦ ਲਈ ਪਕੋਕਾ ਵਰਗਾ ਕਾਨੂੰਨ ਪੰਜਾਬ ਦੀ ਜਨਤਾ ’ਤੇ ਥੋਪ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਲੋਕਾਂ ਨੂੰ ਖ਼ਦਸ਼ਾ ਹੈ ਕਿ ਪਕੋਕਾ ਦੀ ਦੁਰਵਰਤੋਂ ਹੋਵੇਗੀ ਅਤੇ ਸੱਤਾਧਾਰੀ ਧਿਰ ਇਸ ਕਾਨੂੰਨ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਹਥਿਆਰ ਵਜੋਂ ਵਰਤੇਗੀ। ਅਮਨ ਅਰੋੜਾ ਨੇ ਕੈਪਟਨ  ਅਤੇ ਕਾਂਗਰਸੀ ਆਗੂਆਂ ਨੂੰ ਯਾਦ ਕਰਾਇਆ ਕਿ ਜਦੋਂ ਪਿਛਲੀ ਬਾਦਲ ਸਰਕਾਰ ਨੇ ਪਕੋਕਾ ਦਾ ਪ੍ਰਸਤਾਵ ਲਿਆਂਦਾ ਸੀ, ਉਦੋਂ ‘ਆਪ’ ਦੇ ਨਾਲ ਕਾਂਗਰਸ ਨੇ ਵੀ ਇਹੋ ਖ਼ਦਸ਼ੇ ਜ਼ਾਹਰ ਕਰਦਿਆਂ ਪਕੋਕਾ ਪ੍ਰਸਤਾਵ ਦਾ ਵਿਰੋਧ ਕੀਤਾ ਸੀ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਅਤੇ ਆਪਸੀ ਸਦਭਾਵਨਾ ਨੂੰ ਸੱਟ ਮਾਰਨ ਵਾਲੇ ਕਾਤਲਾਂ ’ਚੋਂ ਅਜੇ ਤੱਕ ਇੱਕ ਵੀ ਫੜਿਆ ਨਹੀਂ ਗਿਆ। ਪੰਜਾਬ ਅਤੇ ਦੇਸ਼ ਦੀਆਂ ਸਾਰੀਆਂ ਖ਼ੁਫ਼ੀਆ ਅਤੇ ਜਾਂਚ ਏਜੰਸੀਆਂ ਨਾਕਾਮ ਸਾਬਤ ਹੋਈਆਂ ਹਨ। ਜਦ ਹਤਿਆਰੇ ਫੜੇ ਨਹੀਂ ਜਾ ਰਹੇ, ਫਿਰ ਪਕੋਕਾ ਕਿਸ ’ਤੇ ਲਾਗੂ ਕੀਤਾ ਜਾਵੇਗਾ? ਉਨ੍ਹਾਂ ਕਿਹਾ ਕਿ ਪਕੋਕਾ ਲਿਆਉਣ ਦੀ ਥਾਂ ਕੈਪਟਨ ਨੂੰ ਗ੍ਰਹਿ ਮੰਤਰੀ ਦਾ ਅਹੁਦਾ ਛੱਡ ਕੇ ਕਿਸੇ ਹੋਰ ਸਮਰੱਥ ਸ਼ਖ਼ਸ ਨੂੰ ਸੌਂਪ ਦੇਣਾ ਚਾਹੀਦਾ ਹੈ।