ਪਟਿਆਲਾ, 10 ਜਨਵਰੀ
ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸੀ ਆਗੂ ਹੈਰੀ ਮਾਨ ਵੱਲੋਂ ਇੱਕ ਜਨਤਕ ਪ੍ਰੋਗਰਾਮ ਦੌਰਾਨ ਭੜਕਾਊ ਬਿਆਨ ਦੇਣ ਦੇ ਮਾਮਲੇ ਵਿੱਚ ਆਖਿਆ ਕਿ ਸਟੇਜ ’ਤੇ ਸ਼ਰ੍ਹੇਆਮ ਕਾਨੂੰਨ ਹੱਥ ਵਿੱਚ ਲੈਣ ਵਾਲੇ ਆਗੂ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ| ਉਹ ਇੱਥੇ ਪਿੰਡ ਰੱਖੜਾ ਵਿੱਚ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੇ ਘਰ ਅਕਾਲੀ ਆਗੂਆਂ ਨਾਲ ਮੀਟਿੰਗ ਕਰਨ ਪੁੱਜੇ ਸਨ| ਉਨ੍ਹਾਂ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਨਾ ਕਰਨ ਦੇ ਮਾਮਲੇ ’ਤੇ ਕੈਪਟਨ ਸਰਕਾਰ ਦੀ ਆਲੋਚਨਾ ਕੀਤੀ।
ਦੱਸਣਯੋਗ ਹੈ ਕਿ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਬੀਤੇ ਦਿਨੀਂ ਪਿੰਡ ਦੇਵੀਗੜ੍ਹ ਵਿੱਚ ਜਨਤਕ ਇੱਕਠ ਦੌਰਾਨ ਕਿਹਾ ਸੀ ਕਿ ਉਸ ਕੋਲ ਕਈ ਸੌ ਸਿਰੀ ਸਾਹਿਬ ਪਏ ਹਨ ਤੇ ਉਹ ਇਨ੍ਹਾਂ ਨੂੰ ਪੰਚਾਇਤੀ ਚੋਣਾਂ ਵੇਲੇ ਉਨ੍ਹਾਂ ਨੂੰ ਹੀ ਵੰਡਣਗੇ, ਜਿਹੜੇ ਚੋਣ ਲੜਨਗੇ ਜਾਂ ਬੂਥਾਂ ’ਤੇ ਬੈਠਣਗੇ| ਉਸ ਵਕਤ ਕਾਂਗਰਸੀ ਆਗੂ ਨੇ ਤਿੱਖਾ ਭਾਸ਼ਣ ਦਿੱਤਾ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਹੈ। ਇਸ ਮਾਮਲੇ ਵਿੱਚ ਸ੍ਰੀ ਬਾਦਲ ਨੇ ਆਖਿਆ ਕਿ ਜੇਕਰ ਰਾਜਸੀ ਲੋਕ ਹੀ ਅਜਿਹੀ ਭਾਸ਼ਾ ਵਰਤਣ ਲੱਗੇ ਤਾਂ ਸਮਾਜ ਦਾ ਕੀ ਬਣੇਗਾ| ਉਨ੍ਹਾਂ ਕਿਹਾ ਕਿ ਕਾਂਗਰਸ ਦੇ ਜਿਹੜੇ ਆਗੂਆਂ ਦੇ ਨਾਮ ਭ੍ਰਿਸ਼ਟਾਚਾਰ ਮਾਮਲਿਆਂ ਵਿੱਚ ਬੋਲ ਰਹੇ ਹਨ, ਉਨ੍ਹਾਂ ਖ਼ਿਲਾਫ਼ ਵੀ ਕੇਸ ਦਰਜ ਹੋਣੇ ਚਾਹੀਦੇ ਹਨ| ਕਿਸਾਨੀ ਕਰਜ਼ੇ ਦੇ ਮੁੱਦੇ ’ਤੇ ਸ੍ਰੀ ਬਾਦਲ ਨੇ ਆਖਿਆ ਕਿ ਕੈਪਟਨ ਸਰਕਾਰ ਕਿਸਾਨਾਂ ਨਾਲ ਕੋਝੇ ਮਜ਼ਾਕ ’ਤੇ ਉਤਰ ਆਈ ਹੈ| ਸਰਕਾਰ ਕਰਜ਼ੇ ਦੇ ਨਾਮ ’ਤੇ ਆਏ ਮਹੀਨੇ ਬਿਆਨ ਬਦਲ ਦਿੰਦੀ ਹੈ| ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਕੈਪਟਨ ਸਰਕਾਰ ਨੇ ਡਿਫਾਲਟਰ ਬਣਾ ਦਿੱਤਾ ਹੈ| ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਜ਼ਰ ਸਨ।
ਹੈਰੀ ਮਾਨ ਖ਼ਿਲਾਫ਼ ਕੇਸ ਦਰਜ ਹੋਵੇ: ਸੁਖਬੀਰ
ਚੰਡੀਗੜ੍ਹ , ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਹਿੰਸਾ ਭੜਕਾਉਣ ਅਤੇ ਕਾਂਗਰਸੀ ਵਰਕਰਾਂ ਨੂੰ ਅਕਾਲੀ ਵਰਕਰਾਂ ਦੇ ਕਤਲ ਵਾਸਤੇ ਉਕਸਾਉਣ ਦੇ ਮਾਮਲੇ ਵਿੱਚ ਸੂਬੇ ਦੀ ਪੁਲੀਸ ਨੂੰ ਸਨੌਰ ਦੇ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਦਾ ਨਿਰਦੇਸ਼ ਦੇਣ। ਉਨ੍ਹਾਂ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿੰਨੀ ਭਿਆਨਕ ਗੱਲ ਹੈ ਕਿ ਹਰਿੰਦਰਪਾਲ ਮਾਨ ਨੇ ਕਾਂਗਰਸੀ ਵਰਕਰਾਂ ਨੂੰ ਜਨਤਕ ਤੌਰ ’ਤੇ ਆਖਿਆ ਸੀ ਕਿ ਉਸ ਨੇ ਸੈਂਕੜੇ ਕਿਰਪਾਨਾਂ ਜਮ੍ਹਾਂ ਕਰ ਰੱਖੀਆਂ ਹਨ ਤੇ ਪੰਚਾਇਤੀ ਚੋਣਾਂ ਵਿੱਚ ਉਹ ਇਹ ਕਿਰਪਾਨਾਂ ਪਾਰਟੀ ਵਰਕਰਾਂ ਨੂੰ ਵੰਡੇਗਾ। ਉਨ੍ਹਾਂ ਕਿਹਾ ਕਿ ਹੈਰੀ ਮਾਨ ਨੇ ਕਾਂਗਰਸੀ ਵਰਕਰਾਂ ਨੂੰ ਕਿਰਪਾਨਾਂ ਨਾਲ ਅਕਾਲੀ ਵਰਕਰਾਂ ਦਾ ਕਤਲ ਕਰਨ ਲਈ ਉਕਸਾਇਆ। ਸ੍ਰੀ ਬਾਦਲ ਨੇ ਕਿਹਾ ਕਿ ਇਹ ਘਟਨਾ ਮੁੱਖ ਮੰਤਰੀ ਦੇ ਨਾਂ ਦੀ ਦੁਰਵਰਤੋਂ ਕਰਨ ਦੇ ਬਰਾਬਰ ਸੀ ਤੇ ਇਸ ਬਾਰੇ ਕਾਂਗਰਸ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਹੈ।
ਕਾਂਗਰਸੀ ਆਗੂ ਖ਼ਿਲਾਫ਼ ਸ਼ਿਕਾਇਤ ਦਰਜ ਕਰਾਉਣਗੇ ਅਕਾਲੀ
ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਹਿੰਸਾ ਉਕਸਾਉੂ ਵੀਡੀਓ ਦੇ ਮਾਮਲੇ ਵਿੱਚ ਭਲਕੇ ਜ਼ਿਲ੍ਹਾ ਪੁਲੀਸ ਮੁਖੀ ਕੋਲ ਕਾਂਗਰਸੀ ਆਗੂ ਹੈਰੀ ਮਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਤੇ ਜ਼ਿਲ੍ਹਾ ਲੀਡਰਸ਼ਿਪ ਨੂੰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਰੀ ਝੰਡੀ ਮਿਲ ਗਈ ਹੈ| ਜ਼ਿਲ੍ਹਾ ਜਥੇਬੰਦੀ ਵੱਲੋਂ ਇਸ ਮਾਮਲੇ ਵਿੱਚ ਭਲਕੇ ਕੋਰ ਕਮੇਟੀ ਦੀ ਬੈਠਕ ਵੀ ਸੱਦੀ ਗਈ ਹੈ|