ਬਠਿੰਡਾ, 14 ਦਸੰਬਰ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ 91ਵੇਂ ਸਥਾਪਨਾ ਦਿਵਸ (ਭਲਕੇ) ਮੌਕੇ ਕੈਪਟਨ ਸਰਕਾਰ ਖ਼ਿਲਾਫ਼ ਅਗਲੀ ਰਣਨੀਤੀ ਉਲੀਕੀ ਜਾਵੇਗੀ ਤਾਂ ਜੋ ਸਰਕਾਰ ਦੇ ਅਕਾਲੀ ਵਰਕਰਾਂ ’ਤੇ ਜਬਰ ਦਾ ਜਵਾਬ ਦਿੱਤਾ ਜਾ ਸਕੇ। ਸ੍ਰੀ ਬਾਦਲ ਨੇ ਆਖਿਆ ਕਿ ਕੌਂਸਲ ਚੋਣਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਅਕਾਲੀ ਵਰਕਰਾਂ ਨਾਲ ਜੋ ਧੱਕੇਸ਼ਾਹੀ ਕੀਤੀ ਗਈ ਹੈ, ਉਨੀ ਧੱਕੇਸ਼ਾਹੀ ਉਨ੍ਹਾਂ ਆਪਣੇ ਸਿਆਸੀ ਜੀਵਨ ਵਿੱਚ ਪਹਿਲਾਂ ਕਦੇ ਨਹੀਂ ਵੇਖੀ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ ਕਿ ਨਾ ਜਬਰ ਕਰਨਾ ਹੈ ਤੇ ਨਾ ਸਹਿਣਾ ਹੈ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਲਕੇ ਅੰਮ੍ਰਿਤਸਰ ਵਿੱਚ 91ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਵੀ ਸੱਦੀ ਗਈ ਹੈ। ਸ੍ਰੀ ਬਾਦਲ ਅੱਜ ਇੱਥੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਪਿੰਡ ਸੱਕਾਂਵਾਲੀ ਦੇ ਸਰਪੰਚ ਚਰਨਜੀਤ ਸਿੰਘ ਦਾ ਹਾਲ-ਚਾਲ ਪੁੱਛਣ ਆਏ ਸਨ। ਸ੍ਰੀ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਹ ਭੁੱਲ ਹੈ ਕਿ ਅਕਾਲੀ ਦਲ ਨੂੰ ਜਬਰ ਤੇ ਧੱਕਿਆਂ ਨਾਲ ਦਬਾ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਸਿਰਫ਼ ਵਿਰੋਧੀਆਂ ਨੂੰ ਦਬਾਉਣ ਦੀ ਨੀਅਤ ਨਾਲ ਸਥਾਨਕ ਚੋਣਾਂ ਵਿੱਚ ਧੱਕੇ ਕੀਤੇ ਗਏ ਹਨ ਅਤੇ ਅਕਾਲੀ ਵਰਕਰਾਂ ਦੀ ਕੁੱਟਮਾਰ ਕੀਤੀ ਗਈ ਹੈ। ਸ੍ਰੀ ਬਾਦਲ ਨੇ ਆਖਿਆ ਕਿ ਬਹੁਤੇ ਥਾਵਾਂ ’ਤੇ ਨਾਮਜ਼ਦਗੀ ਪੱਤਰ ਹੀ ਦਾਖ਼ਲ ਨਹੀਂ ਕਰਨ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਬਣਨ ਮਗਰੋਂ ਸੂਬੇ ਦਾ ਵਿਕਾਸ ਠੱਪ ਹੋ ਗਿਆ ਹੈ। ਕਾਂਗਰਸ ਨੇ ਇੱਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਹੈ ਤੇ ਲੋਕ ਥੋੜ੍ਹੇ ਸਮੇਂ ਵਿੱਚ ਹੀ ਸਰਕਾਰ ਤੋਂ ਤੰਗ ਆ ਗਏ ਹਨ। ਸ੍ਰੀ ਬਾਦਲ ਨੇ ਰਾਹੁਲ ਗਾਂਧੀ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਬਣਾਉਣ ਦੇ ਮਾਮਲੇ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।