ਚੰਡੀਗੜ੍ਹ, ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਕਿਸਾਨ ਕਰਜ਼ਾ ਮੁਆਫ਼ੀ ਅਤੇ ਕਰਜ਼ਾ ਰਾਹਤ ਯੋਜਨਾ ਦਾ ਅਗਲੇ ਹਫ਼ਤੇ ਆਗ਼ਾਜ਼ ਹੋਵੇਗਾ ਪਰ ਰਾਸ਼ੀ ਕਿਸ਼ਤਾਂ ਵਿੱਚ ਜਾਰੀ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਕਿਸਾਨ ਕਰਜ਼ਾ ਮੁਆਫ਼ੀ ਯੋਜਨਾ ਅਗਲੇ ਦੋ-ਤਿੰਨ ਦਿਨਾਂ ਅੰਦਰ ਨੋਟੀਫਿਕੇਸ਼ਨ ਜਾਰੀ ਕਰਕੇ ਸ਼ੁਰੂ ਕਰ ਦਿੱਤੀ ਜਾਵੇਗੀ। ਨੋਟੀਫਿਕੇਸ਼ਨ ਤਿਆਰ ਹੈ ਅਤੇ ਇਸ ਨੂੰ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਲਈ ਜ਼ਾਬਤਾ ਲਾਗੂ ਹੋਣ ਤੋਂ ਮਹਿਜ਼ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ। ਚੋਣ ਜ਼ਾਬਤਾ ਅਗਲੇ ਹਫ਼ਤੇ ਦੇ ਅੱਧ ’ਚ ਲਾਗੂ ਹੋ ਸਕਦਾ ਹੈ। ਸਰਕਾਰ ਇਸ ਯੋਜਨਾ ਨੂੰ ਲਾਗੂ ਕੀਤੇ ਬਿਨਾਂ ਚੋਣ ਮੈਦਾਨ ਵਿੱਚ ਨਹੀਂ ਉੱਤਰਨਾ ਚਾਹੁੰਦੀ ਕਿਉਂਕਿ ਵਿਰੋਧੀ ਧਿਰਾਂ ਦੇ ਹੱਥ ਸਰਕਾਰ ਖ਼ਿਲਾਫ਼ ਵੱਡਾ ਹਥਿਆਰ ਆ ਜਾਵੇਗਾ।
ਮੁੱਖ ਮੰਤਰੀ ਦਫ਼ਤਰ ਵਿਚਲੇ ਸੂਤਰਾਂ ਅਨੁਸਾਰ ਡਾ. ਟੀ ਹੱਕ ਦੀ ਅਗਵਾਈ ਵਾਲੀ ਮਾਹਿਰ ਕਮੇਟੀ ਵੱਲੋਂ ਸੌਂਪੀ ਰਿਪੋਰਟ ਉਤੇ ਪਿਛਲੀ ਕੈਬਨਿਟ ਮੀਟਿੰਗ ਵਿੱਚ ਪਹਿਲਾਂ ਹੀ ਚਰਚਾ ਹੋ ਚੁੱਕੀ ਹੈ। ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਦੱਸਿਆ, ‘ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਦੇ 10.40 ਲੱਖ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿੱਤੀ ਜਾ ਰਹੀ ਹੈ। ਇਸ ਸਬੰਧੀ ਕੈਬਨਿਟ ਤੋਂ ਬਾਅਦ ਵਿੱਚ ਮਨਜ਼ੂਰੀ ਲਈ ਜਾ ਸਕਦੀ ਹੈ।’ ਇਨ੍ਹਾਂ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 9500 ਕਰੋੜ ਰੁਪਏ ਦੇ ਕਰਜ਼ੇ ਤੋਂ ਰਾਹਤ ਦਿੱਤੀ ਜਾ ਰਹੀ ਹੈ, ਜਿਸ ਵਿੱਚ 3600 ਕਰੋੜ ਸਹਿਕਾਰੀ ਬੈਂਕਾਂ ਅਤੇ 6 ਹਜ਼ਾਰ ਕਰੋੜ ਕਮਰਸ਼ੀਅਲ ਬੈਂਕਾਂ ਦਾ ਦਾ ਸ਼ਾਮਲ ਹੈ। ਸ਼ਨਾਖ਼ਤ ਕੀਤੇ ਹਰੇਕ ਕਿਸਾਨ ਨੂੰ 2 ਲੱਖ ਰੁਪਏ ਦੀ ਕਰਜ਼ਾ ਰਾਹਤ ਮਿਲੇਗੀ। ਪਰ ਮਸਲਾ ਇਹ ਹੈ ਕਿ ਕਰਜ਼ਾ ਮੁਆਫ਼ੀ ਲਈ ਸਰਕਾਰ ਰਾਸ਼ੀ ਦਾ ਇੰਤਜ਼ਾਮ ਕਿਵੇਂ ਕਰੇਗੀ। ਵਿੱਤ ਵਿਭਾਗ ਵਿਚਲੇ ਸੂਤਰਾਂ ਨੇ ਦੱਸਿਆ ਕਿ ਉਹ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧਨ ਬਾਰੇ ਕਾਨੂੰਨ ਵਿੱਚ ਸੋਧ ਰਾਹੀਂ ਕਰਜ਼ਾ ਹੱਦ ਵਧਾਉਣ ਲਈ ਕੇਸ ਲੜ ਰਹੇ ਹਨ। ਪਲੈਨ ‘ਬੀ’ ਤਹਿਤ ਸੂਬਾਈ ਸਰਕਾਰ ਵੱਲੋਂ ਕੰਸੋਰਟੀਅਮ ਆਫ ਬੈਂਕਜ਼ ਤੋਂ ਕਰਜ਼ਾ ਲਿਆ ਜਾ ਰਿਹਾ ਹੈ। ਮੁਢਲੇ ਪੱਧਰ ਉਤੇ 3 ਹਜ਼ਾਰ ਕਰੋੜ ਰੁਪਏ ਕਰਜ਼ਾ ਚੁੱਕਿਆ ਗਿਆ ਹੈ, ਜਿਸ ਨੂੰ ਕਿਸਾਨਾਂ ਵੱਲੋਂ ਸਹਿਕਾਰੀ ਬੈਂਕਾਂ ਤੋਂ ਲਏ ਕਰਜ਼ੇ ਤਾਰਨ ਲਈ ਵਰਤਿਆ ਜਾਵੇਗਾ। ਜਾਣਕਾਰੀ ਮੁਤਾਬਕ ਨਵੀਂ ਮਾਰਕੀਟ ਫੀਸ ਤੇ ਪੇਂਡੂ ਵਿਕਾਸ ਸੈੱਸ ਵੀ ਲਾਇਆ ਜਾ ਰਿਹਾ ਹੈ, ਜਿਸ ਨੂੰ ਇਸ ਕਰਜ਼ੇ ਦੇ ਵਿਆਜ ਦੀਆਂ ਕਿਸ਼ਤਾਂ ਮੋੜਨ ਲਈ ਵਰਤਿਆ ਜਾ ਸਕਦਾ ਹੈ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘ਜਦੋਂ ਬਾਕੀ 6500 ਕਰੋੜ ਰੁਪਏ ਦਾ ਇੰਤਜ਼ਾਮ ਹੋ ਗਿਆ ਤਾਂ ਅਸੀਂ ਕਿਸਾਨਾਂ ਵੱਲੋਂ ਪ੍ਰਾਈਵੇਟ ਤੇ ਕਮਰਸ਼ੀਅਲ ਬੈਂਕਾਂ ਤੋਂ ਲਏ ਕਰਜ਼ੇ ਮੋੜਨੇ ਸ਼ੁਰੂ ਕਰ ਦੇਵਾਂਗੇ।’