ਬਠਿੰਡਾ: ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਸਹਿ ਪ੍ਰਧਾਨ ਬਲਵੀਰ ਸਿੰਘ, ਵਿਧਾਇਕਾ ਰੁਪਿੰਦਰ ਕੌਰ ਰੂਬੀ ਤੇ ਸਾਥੀਆਂ ਨੇ ‘ਆਪ’ ਦੇ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਹਲਕਾ ਗਿੱਲ ਕਲਾਂ ਤੋਂ ਉਮੀਦਵਾਰ ਹਰਵਿੰਦਰ ਸਿੰਘ ਹਿੰਦਾਂ ਦੇ ਕਤਲ ਨੂੰ ਸਿਆਸੀ ਹਿੱਤਾਂ ਖ਼ਾਤਰ ਕੀਤਾ ਗਿਆ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਕਾਂਗਰਸ ਦੀ ਸ਼ਹਿ ਉੱਤੇ ਰੱਦ ਕੀਤੀਆਂ ਜਾ ਰਹੀਆਂ ਹਨ। ‘ਆਪ’ ਆਗੂਆਂ ਨੇ ਚੋਣਾਂ ਰੱਦ ਕਰਨ ਤੇ ਅਰਧ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ। ਬੇਅਦਬੀ ਮੁੱਦੇ ’ਤੇ ਚੀਮਾ ਨੇ ਕਿਹਾ ਪੰਜਾਬ ਵਿੱਚ ਇਸ ਸਬੰਧੀ ਦੋ ਜਾਂਚ ਕਮਿਸ਼ਨ ਬੈਠ ਚੁੱਕੇ ਹਨ ਪਰ ਦੋਸ਼ੀਆਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਹੋਈ। ਐੱਸਟੀਐੱਫ ਮੁਖੀ ਨੂੰ ਬਦਲਣ ’ਤੇ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਬਾਦਲ ਪਰਿਵਾਰ ਨੂੰ ਬਚਾਉਣ ’ਤੇ ਲੱਗੀ ਹੋਈ ਹੈ।