ਪਟਿਆਲਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਵਿਭਾਗਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਹੀ ਪੜਾਅਵਾਰ ਭਰਿਆ ਜਾਵੇਗਾ| ਉਹ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿਖੇ ਪਾਵਰਕੌਮ ਵੱਲੋਂ ਵੱਖ ਵੱਖ ਸ਼੍ਰੇਣੀ ਦੀਆਂ ਅਸਾਮੀਆਂ ਦੀ ਭਰਤੀ ਉਪਰੰਤ ਨਿਯੁਕਤੀ ਪੱਤਰ ਵੰਡ ਸਮਾਗਮ ’ਚ ਬਤੌਰ ਮੁੱਖ ਮਹਿਮਾਨ  ਸੰਬੋਧਨ ਕਰ ਰਹੇ ਸਨ| ਇਸ ਪ੍ਰੋਗਰਾਮ ’ਚ ਮੁੱਖ ਮੰਤਰੀ ਵੱਲੋਂ 3352 ਸਫ਼ਲ ਉਮੀਦਵਾਰਾਂ ’ਚੋਂ 1800 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਦੀ ਰਸਮ ਦਾ ਆਗਾਜ਼ ਕੀਤਾ ਤੇ 35 ਉਮੀਦਵਾਰਾਂ ਨੂੰ ਮੰਚ ਤੋਂ ਖੁਦ ਨਿਯੁਕਤੀ ਪੱਤਰ ਸੌਂਪੇ| ਸਮਾਗਮ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਆਉਂਦੇ ਮਹੀਨਿਆਂ ’ਚ ਪਾਵਰਕੌਮ ਵਾਂਗ ਹੋਰਨਾਂ ਵਿਭਾਗਾਂ ’ਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣਗੀਆਂ|
ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਵੱਲੋਂ ਰੈਗੂਲਰ ਕਰਮਚਾਰੀ ਭਰਤੀ ਕਰਨ ਦੀ ਆਰੰਭੀ ਗਈ ਇਤਿਹਾਸਕ ਪ੍ਰਕਿਰਿਆ ਨਾਲ ਸੂਬੇ ਦੇ ਬਿਜਲੀ ਖਪਤਕਾਰਾਂ ਨੂੰ ਮਿਲਦੀਆਂ ਸੇਵਾਵਾਂ ਵਿੱਚ ਹੋਰ ਵੀ ਸੁਧਾਰ ਹੋਵੇਗਾ| ਪੰਜਾਬ ਦੀ ਕਿਸਾਨੀ, ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਖੇਤੀ ਸਮੇਤ ਸੂਬੇ ਦੇ ਹਾਲਾਤ ਬਾਬਤ ਰਾਜਮਾਤਾ ਮਹਿੰਦਰ ਕੌਰ ਨਾਲ ਬੀਤੇ ਸਮੇਂ ’ਚ ਹੋਏ ਸੰਵਾਦ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ,‘‘ਮੈਂ ਰਾਜਮਾਤਾ ਨੂੰ ਭਰੋਸਾ ਦਿੱਤਾ ਸੀ ਕਿ ਜਦੋਂ ਵੀ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਉਨ੍ਹਾਂ ਲਈ ਉਹ ਅਵੱਸ਼ ਕੁਝ ਕਰਨਗੇ ਅਤੇ ਅੱਜ ਜਦੋਂ ਉਨ੍ਹਾਂ ਦੀ ਪਹਿਲੀ ਬਰਸੀ ਹੈ ਤਾਂ ਇਸ ਸਮੇਂ ਜਿਥੇ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਉਥੇ ਕਿਸਾਨਾਂ ਦੇ ਕਰਜ਼ੇ ਵੀ ਮੁਆਫ਼ ਕੀਤੇ ਗਏ ਹਨ।’’ ਉਨ੍ਹਾਂ ਦੱਸਿਆ ਕਿ ਪਾਵਰਕੌਮ ਦੀ ਬਿਜਲੀ ਸਪਲਾਈ ਲਾਈਨ ਦੇ ਘਾਟੇ ਪਹਿਲਾਂ 15.3 ਫ਼ੀਸਦੀ ਸਨ ਜੋ ਪ੍ਰਣਾਲੀ ਵਿੱਚ ਸੁਧਾਰ ਦੀ ਬਦੌਲਤ 13.1 ਫ਼ੀਸਦੀ ਰਹਿ ਗਏ ਹਨ ਤੇ ਇਸ ਤਰ੍ਹਾਂ ਉਹ ਦੇਸ਼ ਦੀ ਪਹਿਲੀ ਬਿਜਲੀ ਕੰਪਨੀ ਬਣ ਗਈ ਹੈ, ਜਿਸ ਦੇ ਟੀ ਐਂਡ ਡੀ ਲੌਸਿਜ਼ ਸਭ ਤੋਂ ਘੱਟ ਹਨ| ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਪਾਵਰਕੌਮ ਹੁਣ 5 ਹਜ਼ਾਰ ਕਰੋੜ ਰੁਪਏ ਦੇ ਘਾਟੇ ਵਾਲੀ ਕੰਪਨੀ ਰਹਿ ਗਈ ਹੈ| ਉਨ੍ਹਾਂ ਅਗਲੇ ਵਰ੍ਹੇ ਪਾਵਰਕੌਮ ਦੇ ਮੁਨਾਫ਼ੇ ’ਚ ਆਉਣ ਦੀ ਆਸ ਜਤਾਈ। ਉਨ੍ਹਾਂ ਵੀ ਭਰੋਸਾ ਦਿਵਾਇਆ ਕਿ ਸਹਾਇਕ ਲਾਈਨਮੈਨ, ਜੇਈ ਤੇ ਸਬ ਸਟੇਸ਼ਨ ਅਟੈਂਡੈਂਟ ਦੇ ਬਾਕੀ ਰਹਿੰਦੇ ਨਿਯੁਕਤੀ ਪੱਤਰ ਇੱਕ ਮਹੀਨੇ ’ਚ ਦੇ ਦਿੱਤੇ ਜਾਣਗੇ| ਇਸ ਤੋਂ ਪਹਿਲਾਂ ਬਿਜਲੀ ਤੇ ਨਵਿਆਉਣਯੋਗ ਊਰਜਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਨਵੇਂ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ’ਚ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ| ਸਮਾਗਮ ਨੂੰ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਪਰਨੀਤ ਕੌਰ ਤੇ ਉਪ ਕੁਲਪਤੀ ਡਾ. ਬੀ ਐਸ ਘੁੰਮਣ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਪਾਵਰਕੌਮ ਦੇ ਸੀਐਮਡੀ ਏ ਵੇਨੂੰ ਪ੍ਰਸਾਦ, ਡਾਇਰੈਕਟਰ ਪ੍ਰਬੰਧਕੀ ਆਰ ਪੀ ਪਾਂਡਵ, ਵਿਧਾਇਕ  ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਕੇ ਕੇ ਸ਼ਰਮਾ, ਹਰਿੰਦਰਪਾਲ ਸਿੰਘ ਮਾਨ, ਗੁਰਸ਼ਰਨ ਕੌਰ ਰੰਧਾਵਾ, ਹਰਪ੍ਰੀਤ ਸਿੰਘ ਔਲਖ, ਮਨਮੋਹਨ ਸਿੰਘ, ਮਨਜੀਤ ਸਿੰਘ ਚਾਹਲ ਸਮੇਤ ਹੋਰ ਆਗੂ ਹਾਜ਼ਰ ਸਨ|