ਚੰਡੀਗੜ੍ਹ, 9 ਅਪਰੈਲ,ਪੰਜਾਬ ਭਾਜਪਾ ਦੇ ਨਵੇਂ ਬਣੇ ਪ੍ਰਧਾਨ ਸ਼ਵੇਤ ਮਲਿਕ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਇਕ ਸਾਲ ਬੀਤਣ ਦੇ ਬਾਵਜੂਦ ਚੋਣ ਵਾਅਦਿਆਂ ਨੂੰ ਪੂਰਾ ਕਰਨ ’ਚ ਨਾਕਾਮ ਰਹੇ ਹਨ। ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕੈਪਟਨ ਨੂੰ ਕਿਹਾ ਕਿ ਉਹ ਚੋਣ ਵਾਅਦੇ ਪੂਰੇ ਕਰਨ ਜਾਂ ਸੱਤਾ ਤੋਂ ਲਾਂਭੇ ਹੋ ਜਾਣ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਅੱਜ ਪ੍ਰਦੇਸ਼ ਇਕਾਈ ਦੀ ਕਮਾਨ ਸੰਭਾਲੀ ਜਿਸ ਦੌਰਾਨ ਭਾਜਪਾ ਦੇ ਪਾਰਟੀ ਮਾਮਲਿਆਂ ਦੇ ਪੰਜਾਬ ਇੰਚਾਰਜ ਪ੍ਰਭਾਤ ਝਾਅ, ਕੇਂਦਰੀ ਮੰਤਰੀ ਵਿਜੈ ਸਾਂਪਲਾ, ਤਰੁਣ ਚੁੱਘ ਅਤੇ ਕਈ ਹੋਰ ਸਾਬਕਾ ਪ੍ਰਧਾਨ ਵੀ ਹਾਜ਼ਰ ਸਨ। ਪਾਰਟੀ ਵਰਕਰਾਂ ਨੂੰ ਆਪਣੇ ਪਲੇਠੇ ਸੰਬੋਧਨ ਦੌਰਾਨ ਸ੍ਰੀ ਮਲਿਕ ਨੇ ਕਿਹਾ,‘‘ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਬੇਰੁਜ਼ਗਾਰੀ ਭੱਤਾ ਦੇਣ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਦੀ ਰਾਸ਼ੀ ਵਧਾਉਣ ਦੇ ਵਾਅਦੇ ਕੀਤੇ ਸਨ। ਇਨ੍ਹਾਂ ਵਾਅਦਿਆਂ ਨੂੰ ਪੁਗਾਉਣ ਦੀ ਥਾਂ ਸਰਕਾਰ ਨੇ ਚੱਲ ਰਹੀਆਂ ਯੋਜਨਾਵਾਂ ਨੂੰ ਵੀ ਬੰਦ ਕਰ ਦਿੱਤਾ।’’ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਨੇ ਚੋਣਾਂ ’ਚ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੇ 90 ਹਜ਼ਾਰ ਕਰੋੜ ਰੁਪਏ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ ਪਰ ਹੁਣ ਉਹ ਇਸ ਤੋਂ ਮੁਕਰ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਦਰਾਂ ਵਧ ਕੇ ਦੁੱਗਣੀਆਂ ਹੋ ਗਈਆਂ ਹਨ ਅਤੇ ਨਵੇਂ ਟੈਕਸ ਥੋਪ ਕੇ ਲੋਕਾਂ ’ਤੇ ਵਾਧੂ ਦਾ ਬੋਝ ਪਾ ਦਿੱਤਾ ਗਿਆ ਹੈ। ਸ੍ਰੀ ਮਲਿਕ ਨੇ ਕਿਹਾ,‘‘ਅਸੀਂ ਅਮਰਿੰਦਰ ਸਿੰਘ ਸਰਕਾਰ ਨੂੰ ਵਾਅਦੇ ਪੂਰੇ ਕਰਨ ਲਈ ਇਕ ਵਰ੍ਹੇ ਦਾ ਸਮਾਂ ਦਿੱਤਾ ਸੀ ਪਰ ਹੁਣ ਅਸੀਂ ਖਾਮੋਸ਼ ਨਹੀਂ ਬੈਠਾਂਗੇ। ‘ਕਾਂਗਰਸ ਪੰਜਾਬ ਛੱਡੇ’ ਹੁਣ ਸਾਡੀ ਮੁਹਿੰਮ ਹੋਵੇਗੀ ਅਤੇ ਸਰਕਾਰ ਨੂੰ ਡੂੰਘੀ ਨੀਂਦ ’ਚੋਂ ਜਗਾਉਣ ਲਈ ਅਸੀਂ ਸੜਕਾਂ ’ਤੇ ਪ੍ਰਦਰਸ਼ਨ ਕਰਾਂਗੇ।’ ਇਸ ਤੋਂ ਪਹਿਲਾਂ ਸੀਨੀਅਰ ਭਾਜਪਾ ਆਗੂਆਂ ਨੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਕਮਰ ਕੱਸੇ ਕਰ ਲੈਣ। ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ੍ਰੀ ਮਲਿਕ ਨੂੰ ਕਿਹਾ ਕਿ ਉਹ ਸਾਰੀਆਂ ਧਿਰਾਂ ਦੇ ਲੋਕਾਂ ਨੂੰ ਨਾਲ ਲੈ ਕੇ ਚਲਣ ਜੋ ਨਾ ਸਿਰਫ਼ ਲੋਕ ਸਭਾ ਚੋਣਾਂ ’ਚ ਸਗੋਂ 2022 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਵੀ ਪਾਰਟੀ ਨੂੰ ਜਿੱਤ ਦਿਵਾਉਣਗੇ। ਇਕ ਹੋਰ ਸਾਬਕਾ ਪ੍ਰਧਾਨ ਰਾਜਿੰਦਰ ਭੰਡਾਰੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਪਾਰਟੀ ਨੂੰ ਮਿਲੀ ਹਾਰ ਦੇ ਮੱਦੇਨਜ਼ਰ ਅੰਦਰੂਨੀ ਝਾਤ ਮਾਰਨ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰਧਾਨਗੀ ਅਹੁਦੇ ਤੋਂ ਲਾਹੇ ਗਏ ਸ੍ਰੀ ਸਾਂਪਲਾ ਨੇ ਪਾਰਟੀ ਵਰਕਰਾਂ ਨੂੰ ਐਸਸੀ/ਐਸਟੀ ਐਕਟ ਸਬੰਧੀ ਵਿਰੋਧੀ ਪਾਰਟੀਆਂ ਵੱਲੋਂ ਫੈਲਾਏ ਜਾ ਰਹੇ ਝੂਠੇ ਪ੍ਰਚਾਰ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ।